
ਹਿਰਾਸਤ ਦੀਆਂ ਸ਼ਰਤਾਂ ’ਤੇ ਬੈਲਜੀਅਮ ਨੂੰ ਦਿੱਤਾ ਭਰੋਸਾ
ਪੰਜਾਬ ਨੈਸ਼ਨਲ ਬੈਂਕ ਨਾਲ 13,000 ਕਰੋੜ ਰੁਪਏ ਦੀ ਬੈਂਕ ਕਰਜ਼ਾ ‘ਧੋਖਾਧੜੀ’ ਕੇਸ ਵਿਚ ਜਾਂਚ ਏਜੰਸੀਆਂ ਨੂੰ ਲੋੜੀਂਦੇ ਅਤੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਪੱਛਮੀ ਯੂਰਪ ਦੇ ਦੇਸ਼ ਬੈਲਜੀਅਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ ਜਲਦੀ ਹੀ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਨੇ ਬੈਲਜੀਅਮ ਨੂੰ ਭਰੋਸਾ ਦਿੱਤਾ ਹੈ ਕਿ ਚੋਕਸੀ ਨੂੰ ਮੁੰਬਈ ਦੀ ਆਰਥਰ ਰੋਡ ਜੇਲ ਵਿੱਚ ਰੱਖਿਆ ਜਾਵੇਗਾ। ਮੇਹੁਲ ਚੋਕਸੀ 13,500 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਵਿੱਚ ਲੋੜੀਂਦਾ ਹੈ। ਉਸ ਨੂੰ ਅਪ੍ਰੈਲ 2025 ਵਿੱਚ ਬੈਲਜੀਅਮ ਦੇ ਐਂਟਵਰਪ ਸ਼ਹਿਰ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਕਾਰਵਾਈ ਭਾਰਤੀ ਜਾਂਚ ਏਜੰਸੀਆਂ, ਖਾਸਕਰ ਸੀਬੀਆਈ ਅਤੇ ਈਡੀ ਦੀ ਬੇਨਤੀ ’ਤੇ ਕੀਤੀ ਗਈ ਸੀ। ਚੋਕਸੀ 2018 ਵਿੱਚ ਭਾਰਤ ਤੋਂ ਭੱਜ ਕੇ ਐਂਟੀਗੁਆ ਅਤੇ ਫਿਰ ਬੈਲਜੀਅਮ ਪਹੁੰਚਿਆ ਸੀ, ਜਿੱਥੇ ਉਹ ਆਪਣੀ ਪਤਨੀ ਪ੍ਰੀਤੀ ਚੋਕਸੀ ਨਾਲ ਰਹਿ ਰਿਹਾ ਸੀ। ਭਾਰਤ ਸਰਕਾਰ ਨੇ ਬੈਲਜੀਅਮ ਦੇ ਨਿਆਂ ਮੰਤਰਾਲੇ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਭਰੋਸਾ ਦਿੱਤਾ ਗਿਆ ਹੈ ਕਿ ਚੋਕਸੀ ਨੂੰ ਭਾਰਤ ਵਿੱਚ ਇਕਾਂਤ ਕੈਦ ਵਿੱਚ ਨਹੀਂ ਰੱਖਿਆ ਜਾਵੇਗਾ। ਉਸ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੀ ਬੈਰਕ ਨੰਬਰ 12 ਵਿੱਚ ਰੱਖਿਆ ਜਾਵੇਗਾ।
ਚੋਕਸੀ ਦੇ ਵਕੀਲ ਵਿਜੇ ਅਗਰਵਾਲ ਨੇ ਬੈਲਜੀਅਮ ਦੀ ਅਦਾਲਤ ਵਿੱਚ ਜ਼ਮਾਨਤ ਲਈ ਅਪੀਲ ਕੀਤੀ ਸੀ, ਜਿਸ ਵਿੱਚ ਬਲੱਡ ਕੈਂਸਰ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹਾ ਹਵਾਲਾ ਦਿੱਤਾ ਗਿਆ ਸੀ। ਹਾਲਾਂਕਿ, ਬੈਲਜੀਅਮ ਦੀ ਅਦਾਲਤ ਨੇ ਅਗਸਤ 2025 ਵਿੱਚ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਜ਼ਿਕਰਯੋਗ ਹੈ ਕਿ ਚੋਕਸੀ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਭਾਰਤ ਅਤੇ ਬੈਲਜੀਅਮ ਵਿਚਕਾਰ 1901 ਦੀ ਹਵਾਲਗੀ ਸੰਧੀ ਅਤੇ 2023 ਦੇ ਆਪਸੀ ਕਾਨੂੰਨੀ ਸਹਾਇਤਾ ਸਮਝੌਤੇ ਦੇ ਤਹਿਤ ਚੱਲ ਰਹੀ ਹੈ।
ਭਾਰਤੀ ਅਧਿਕਾਰੀਆਂ ਨੇ ਬੈਲਜੀਅਮ ਨੂੰ ਚੋਕਸੀ ਖਿਲਾਫ਼ ਦੋ ਗੈਰ-ਜ਼ਮਾਨਤੀ ਵਾਰੰਟ (2018 ਅਤੇ 2021) ਅਤੇ ਬੈਂਕਿੰਗ ਧੋਖਾਧੜੀ ਦੇ ਸਬੂਤ ਸੌਂਪੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਹਵਾਲਗੀ ਵਿੱਚ ਕਾਨੂੰਨੀ ਰੁਕਾਵਟਾਂ ਹੋ ਸਕਦੀਆਂ ਹਨ, ਕਿਉਂਕਿ ਚੋਕਸੀ ਦੀ ਕਾਨੂੰਨੀ ਟੀਮ ਇਸ ਨੂੰ ਰਾਜਨੀਤਿਕ ਮਾਮਲਾ ਕਹਿ ਕੇ ਜਾਂ ਭਾਰਤੀ ਜੇਲ੍ਹਾਂ ਦੀਆਂ ਸਥਿਤੀਆਂ ’ਤੇ ਸਵਾਲ ਉਠਾ ਕੇ ਇਸ ਦਾ ਵਿਰੋਧ ਕਰ ਸਕਦੀ ਹੈ। ਫਿਲਹਾਲ, ਚੋਕਸੀ ਐਂਟਵਰਪ ਦੀ ਜੇਲ੍ਹ ਵਿੱਚ ਬੰਦ ਹੈ ਅਤੇ ਹਵਾਲਗੀ ਦੀ ਸੁਣਵਾਈ ਸਤੰਬਰ 2025 ਦੇ ਦੂਜੇ ਹਫਤੇ ਹੋਣ ਦੀ ਸੰਭਾਵਨਾ ਹੈ।