
34 ਸਾਲਾਂ ਦੇ ਗੈਬਰੀਅਲ ਐਟਲ ਬਣੇ ਨਵੇਂ ਪ੍ਰਧਾਨ ਮੰਤਰੀ
French Prime Minister Resigned: ਫਰਾਂਸ ਵਿਚ ਇਮੀਗ੍ਰੇਸ਼ਨ ਨੂੰ ਲੈ ਕੇ ਸਿਆਸੀ ਖਿੱਚੋਤਾਣ ਦਰਮਿਆਨ ਪ੍ਰਧਾਨ ਮੰਤਰੀ ਐਲੀਜ਼ਾਬੇਥ ਬੋਰਨ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ। ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸੋਮਵਾਰ ਨੂੰ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ, ਰਾਸ਼ਟਰਪਤੀ ਦਫਤਰ ਨੇ ਇਹ ਜਾਣਕਾਰੀ ਦਿਤੀ ਹੈ।
ਪ੍ਰਧਾਨ ਮੰਤਰੀ ਬੋਰਨ ਦਾ ਅਸਤੀਫਾ ਕੁੱਝ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਸਰਕਾਰ ਦੀ ਯੋਗਤਾ ਨੂੰ ਹੋਰ ਮਜ਼ਬੂਤ ਕਰਨ ਲਈ ਮੈਕਰੋਨ ਦੁਆਰਾ ਸਮਰਥਨ ਪ੍ਰਾਪਤ ਇਕ ਵਿਵਾਦਪੂਰਨ ਇਮੀਗ੍ਰੇਸ਼ਨ ਕਾਨੂੰਨ ਨੂੰ ਲੈ ਕੇ ਹਾਲ ਹੀ ਦੇ ਰਾਜਨੀਤਿਕ ਤਣਾਅ ਤੋਂ ਬਾਅਦ ਆਇਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਮੈਕਰੋਨ ਦੇ ਰਾਸ਼ਟਰਪਤੀ ਵਜੋਂ ਦੂਜੀ ਵਾਰ ਚੁਣੇ ਜਾਣ ਤੋਂ ਬਾਅਦ ਮਈ 2022 ਵਿਚ ਬੋਰਨ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ। ਉਹ ਫਰਾਂਸ ਦੀ ਦੂਜੀ ਮਹਿਲਾ ਪ੍ਰਧਾਨ ਮੰਤਰੀ ਸੀ। ਰਾਸ਼ਟਰਪਤੀ ਮੈਕਰੋਨ ਦੇ ਦਫ਼ਤਰ ਤੋਂ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਜਦੋਂ ਤਕ ਨਵੇਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਨਹੀਂ ਹੋ ਜਾਂਦੀ, ਬੋਰਨ ਰੋਜ਼ਾਨਾ ਘਰੇਲੂ ਮੁੱਦਿਆਂ ਨੂੰ ਸੰਭਾਲਣਾ ਜਾਰੀ ਰੱਖਣਗੇ।
ਗੈਬਰੀਅਲ ਐਟਲ ਬਣੇ ਫਰਾਂਸ ਦੇ ਸੱਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਮੰਗਲਵਾਰ ਨੂੰ ਗੈਬਰੀਅਲ ਐਟਲ ਨੂੰ ਫਰਾਂਸ ਦਾ ਸੱਭ ਤੋਂ ਘੱਟ ਉਮਰ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਮੈਕਰੋਨ ਦੇ ਦਫਤਰ ਨੇ ਇਕ ਬਿਆਨ ਵਿਚ ਨਿਯੁਕਤੀ ਦਾ ਐਲਾਨ ਕੀਤਾ। 34 ਸਾਲ ਦੇ ਅਟਲ ਨੇ ਸਰਕਾਰੀ ਬੁਲਾਰੇ ਅਤੇ ਸਿੱਖਿਆ ਮੰਤਰੀ ਵਜੋਂ ਪ੍ਰਸਿੱਧੀ ਹਾਸਲ ਕੀਤੀ। ਉਹ ਅਪਣੀ ਸਮਲਿੰਗਤਾ ਨੂੰ ਨਾ ਲੁਕਾਉਣ ਵਾਲੇ ਪਹਿਲੇ ਫਰਾਂਸੀਸੀ ਪ੍ਰਧਾਨ ਮੰਤਰੀ ਵੀ ਹਨ। ਉਨ੍ਹਾਂ ਦੀ ਪੂਰਵਗਾਮੀ ਐਲਿਜ਼ਾਬੈਥ ਬੋਰਨ ਨੇ ਸੋਮਵਾਰ ਨੂੰ ਇਮੀਗ੍ਰੇਸ਼ਨ ਕਾਨੂੰਨ ਨੂੰ ਲੈ ਕੇ ਹਾਲ ਹੀ ਵਿਚ ਸਿਆਸੀ ਉਥਲ-ਪੁਥਲ ਤੋਂ ਬਾਅਦ ਅਸਤੀਫਾ ਦੇ ਦਿਤਾ ਸੀ, ਜੋ ਵਿਦੇਸ਼ੀਆਂ ਨੂੰ ਵਾਪਸ ਭੇਜਣ ਦੀ ਸਰਕਾਰ ਦੀ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ। ਮੱਧਵਾਦੀ ਮੈਕਰੋਨ (46) ਦਾ ਕਾਰਜਕਾਲ 2027 ’ਚ ਖਤਮ ਹੋ ਰਿਹਾ ਹੈ ਅਤੇ ਉਹ ਆਉਣ ਵਾਲੇ ਦਿਨਾਂ ’ਚ ਸਰਕਾਰ ਬਣਾਉਣਗੇ।
(For more Punjabi news apart from French Prime Minister Elisabeth Borne has resigned, stay tuned to Rozana Spokesman)