
ਭਾਰਤੀ ਮੂਲ ਦੇ ਅਮਰੀਕੀ ਇੰਜੀਨੀਅਰ ਸੰਜੇ ਰਾਮਭੱਦਰਨ ਨੂੰ ਇਕ ਗੈਰਲਾਭਕਾਰੀ ਸੰਸਥਾ ਟੈਕਸਾਸ ਲਿਸੀਅਮ ਦਾ ਪ੍ਰਧਾਨ ਥਾਪਿਆ ਗਿਆ ਹੈ....
ਹਿਊਸਟਨ : ਭਾਰਤੀ ਮੂਲ ਦੇ ਅਮਰੀਕੀ ਇੰਜੀਨੀਅਰ ਸੰਜੇ ਰਾਮਭੱਦਰਨ ਨੂੰ ਇਕ ਗੈਰਲਾਭਕਾਰੀ ਸੰਸਥਾ ਟੈਕਸਾਸ ਲਿਸੀਅਮ ਦਾ ਪ੍ਰਧਾਨ ਥਾਪਿਆ ਗਿਆ ਹੈ। ਇਹ ਸੰਸਥਾ ਟੈਕਸਾਸ ਵਿਚ ਅਗਲੀ ਪੀੜ੍ਹੀ ਦੇ ਨੇਤਾਵਾਂ ਨੂੰ ਤਿਆਰ ਕਰਨ 'ਤੇ ਧਿਆਨ ਦਿੰਦੀ ਹੈ। ਰਾਮਭੱਦਰਨ ਇਸ ਅਹੁਦੇ 'ਤੇ ਨਿਯੁਕਤ ਹੋਣ ਵਾਲੇ ਪਹਿਲੇ ਵਿਦੇਸ਼ੀ ਮੂਲ ਦੇ ਵਿਅਕਤੀ ਹਨ। ਉਨ੍ਹਾਂ ਨੇ ਆਸਟਿਨ ਦੇ ਟੈਕਸਾਸ ਕੈਪੀਟੋਲ ਵਿਚ ਟੈਕਸਾਸ ਪ੍ਰਤੀਨਿਧੀ ਸਭਾ ਵਿਚ ਸੰਸਥਾ ਦੇ 2019 ਲਈ ਪ੍ਰਧਾਨ ਅਹੁਦੇ ਦੀ ਸਹੁੰ ਚੁੱਕੀ। ਰਾਮਭੱਦਰਨ ਨੇ ਕਿਹਾ ਕਿ 2019 ਟੈਕਸਾਸ ਲਿਸੀਅਮ ਦਾ ਟੈਕਸਾਸ ਨੂੰ ਸੇਵਾਵਾਂ ਦੇਣ ਦਾ 40ਵਾਂ ਸਾਲ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਟੈਕਸਾਸ ਦੇ ਯੁਵਾ ਨੇਤਾਵਾਂ ਦੇ ਵੱਖ-ਵੱਖ ਸਮੂਹ ਨੂੰ ਇਕੱਠੇ ਲਿਆਉਣ ਦੇ ਖੁਸ਼ਹਾਲ ਇਤਿਹਾਸ ਵਾਲੀ ਇਸ ਸੰਸਥਾ ਦੀ ਅਗਵਾਈ ਕਰਨ ਵਿਚ ਸਨਮਾਨਤ ਮਹਿਸੂਸ ਕਰ ਰਿਹਾ ਹਾਂ। ਯੁਵਾ ਨੇਤਾ ਸਾਡੇ ਸੂਬੇ ਦੀ ਲੋਕ ਨੀਤੀ ਦੀਆਂ ਚੁਣੌਤੀਆਂ 'ਤੇ ਗੌਰ ਕਰਨਗੇ ਅਤੇ ਇਨ੍ਹਾਂ ਚੁਣੌਤੀਆਂ ਦੇ ਸੰਭਾਵਿਤ ਹੱਲ ਲਈ ਚਰਚਾ ਕਰਨਗੇ। ਰਾਮਭੱਦਰਨ ਮੂਲ ਰੂਪ ਵਿਚ ਦਖਣੀ ਭਾਰਤ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਬਿਟਸ ਪਿਲਾਨੀ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਹੈ। ਅੱਗੇ ਦੀ ਸਿਖਿਆ ਉਨ੍ਹਾਂ ਨੇ ਟੈਕਸਾਸ ਏ ਐਂਡ ਐਮ ਯੂਨੀਵਰਸਿਟੀ ਤੋਂ ਕੀਤੀ ਹੈ। (ਪੀਟੀਆਈ)