
ਪ੍ਰਧਾਨ ਮੰਤਰੀ ਮੋਦੀ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਨੇਤਾ ਹਨ
ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਧਿਕਾਰਕ ਤੌਰ ’ਤੇ ‘ਆਰਡਰ ਆਫ ਸੇਂਟ ਐਂਡਰਿਊ ਅਪੋਸਲ’ ਨਾਲ ਸਨਮਾਨਿਤ ਕੀਤਾ। ਮੋਦੀ ਨੂੰ ਇਹ ਸਨਮਾਨ ਦੋਹਾਂ ਦੇਸ਼ਾਂ ਵਿਚਾਲੇ ਦੁਵਲੇ ਸਬੰਧਾਂ ਨੂੰ ਉਤਸ਼ਾਹਤ ਕਰਨ ਵਿਚ ਉਨ੍ਹਾਂ ਦੇ ਯੋਗਦਾਨ ਲਈ ਦਿਤਾ ਗਿਆ ਹੈ।
ਰਾਸ਼ਟਰਪਤੀ ਪੁਤਿਨ ਨੇ ਕ੍ਰੇਮਲਿਨ ਦੇ ਸੇਂਟ ਐਂਡਰਿਊ ਹਾਲ ’ਚ ਇਕ ਵਿਸ਼ੇਸ਼ ਸਮਾਰੋਹ ’ਚ ਪ੍ਰਧਾਨ ਮੰਤਰੀ ਮੋਦੀ ਨੂੰ ਸਨਮਾਨਿਤ ਕੀਤਾ। ਇਸ ਪੁਰਸਕਾਰ ਦਾ ਐਲਾਨ 2019 ’ਚ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਨੇਤਾ ਹਨ।
ਸਾਲ 1698 ਵਿਚ ਯਿਸੂ ਦੇ ਪਹਿਲੇ ਪ੍ਰਚਾਰਕ ਅਤੇ ਰੂਸ ਦੇ ਸਰਪ੍ਰਸਤ ਸੰਤ ਸੇਂਟ ਐਂਡਰਿਊ ਦੇ ਸਨਮਾਨ ਵਿਚ ਜ਼ਾਰ ਪੀਟਰ ਮਹਾਨ ਨੇ ‘ਆਰਡਰ ਆਫ ਸੇਂਟ ਐਂਡਰਿਊ ਦਿ ਅਪੋਸਲ’ ਦੀ ਸਥਾਪਨਾ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਪੁਰਸਕਾਰ ਮਨਜ਼ੂਰ ਕਰਦੇ ਹੋਏ ਇਸ ਨੂੰ ਭਾਰਤ ਦੇ ਲੋਕਾਂ ਅਤੇ ਭਾਰਤ ਅਤੇ ਰੂਸ ਦੇ ਦੋਸਤੀ ਦੇ ਰਵਾਇਤੀ ਰਿਸ਼ਤਿਆਂ ਨੂੰ ਸਮਰਪਿਤ ਕੀਤਾ।
ਵਿਦੇਸ਼ ਮੰਤਰਾਲੇ ਦੇ ਇਕ ਬਿਆਨ ਮੁਤਾਬਕ ਉਨ੍ਹਾਂ ਕਿਹਾ ਕਿ ਇਹ ਸਨਮਾਨ ਦੋਹਾਂ ਦੇਸ਼ਾਂ ਵਿਚਾਲੇ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ, ‘‘ਮੈਨੂੰ ਰੂਸ ਦਾ ਸਰਵਉੱਚ ਨਾਗਰਿਕ ਪੁਰਸਕਾਰ ਦੇਣ ਲਈ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਇਹ ਸਨਮਾਨ ਸਿਰਫ ਮੇਰਾ ਨਹੀਂ ਹੈ, ਇਹ 140 ਕਰੋੜ ਭਾਰਤੀਆਂ ਦਾ ਸਨਮਾਨ ਹੈ। ਇਹ ਭਾਰਤ ਅਤੇ ਰੂਸ ਦਰਮਿਆਨ ਸਦੀਆਂ ਪੁਰਾਣੀ ਦੋਸਤੀ ਅਤੇ ਡੂੰਘੇ ਆਪਸੀ ਵਿਸ਼ਵਾਸ ਦਾ ਸਨਮਾਨ ਹੈ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ ਦੀ ਅਗਵਾਈ ਹੇਠ ਭਾਰਤ-ਰੂਸ ਸਬੰਧ ਹਰ ਦਿਸ਼ਾ ’ਚ ਮਜ਼ਬੂਤ ਹੋਏ ਹਨ ਅਤੇ ਨਵੀਆਂ ਉਚਾਈਆਂ ’ਤੇ ਪਹੁੰਚੇ ਹਨ। ਉਨ੍ਹਾਂ ਕਿਹਾ, ‘‘ਸਾਡੇ ਦੋਹਾਂ ਦੇਸ਼ਾਂ ਵਿਚਾਲੇ ਰਣਨੀਤਕ ਸਬੰਧਾਂ ਲਈ ਤੁਸੀਂ ਜੋ ਨੀਂਹ ਰੱਖੀ ਸੀ, ਉਹ ਪਿਛਲੇ ਸਾਲਾਂ ਵਿਚ ਮਜ਼ਬੂਤ ਹੋਈ ਹੈ। ਲੋਕਾਂ ਦੀ ਭਾਗੀਦਾਰੀ ’ਤੇ ਅਧਾਰਤ ਸਾਡਾ ਸਹਿਯੋਗ ਸਾਡੇ ਲੋਕਾਂ ਲਈ ਬਿਹਤਰ ਭਵਿੱਖ ਦੀ ਉਮੀਦ ਅਤੇ ਗਰੰਟੀ ਬਣ ਰਿਹਾ ਹੈ।’’
ਮੋਦੀ ਨੇ ਬਾਅਦ ’ਚ ਕਿਹਾ, ‘‘ਆਰਡਰ ਆਫ ਸੇਂਟ ਐਂਡਰਿਊ ਦ ਅਪੋਸਲ ਐਵਾਰਡ ਪ੍ਰਾਪਤ ਕਰ ਕੇ ਸਨਮਾਨਿਤ ਮਹਿਸੂਸ ਕਰ ਰਹੇ ਹਾਂ। ਮੈਂ ਇਸ ਨੂੰ ਭਾਰਤ ਦੇ ਲੋਕਾਂ ਨੂੰ ਸਮਰਪਿਤ ਕਰਦਾ ਹਾਂ।’’ ਇਸ ਤੋਂ ਪਹਿਲਾਂ ਰਾਸ਼ਟਰਪਤੀ ਪੁਤਿਨ ਨੇ ਮੋਦੀ ਨੂੰ ਰੂਸ ਦਾ ਸਰਵਉੱਚ ਸਨਮਾਨ ਦੇਣ ਲਈ ਵਧਾਈ ਦਿਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਸਫਲਤਾ ਦੀ ਕਾਮਨਾ ਕੀਤੀ।