
'ਜੰਗ ਦੇ ਮੈਦਾਨ ’ਚ ਕਿਸੇ ਵੀ ਸੰਘਰਸ਼ ਦਾ ਹੱਲ ਸੰਭਵ ਨਹੀਂ '
PM Modi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਿਹਾ ਕਿ ਬੰਬਾਂ, ਬੰਦੂਕਾਂ ਅਤੇ ਗੋਲੀਆਂ ਵਿਚਾਲੇ ਸ਼ਾਂਤੀ ਵਾਰਤਾ ਸਫਲ ਨਹੀਂ ਹੁੰਦੀ ਅਤੇ ਜੰਗ ਦੇ ਮੈਦਾਨ ’ਚ ਕਿਸੇ ਵੀ ਸੰਘਰਸ਼ ਦਾ ਹੱਲ ਸੰਭਵ ਨਹੀਂ ਹੈ। ਦੋਹਾਂ ਨੇਤਾਵਾਂ ਨੇ ਯੂਕਰੇਨ ਸੰਘਰਸ਼ ਦੇ ਪਿਛੋਕੜ ’ਚ ਗੱਲਬਾਤ ਕੀਤੀ।
ਟੈਲੀਵਿਜ਼ਨ ’ਤੇ ਪ੍ਰਸਾਰਿਤ ਅਪਣੀ ਸ਼ੁਰੂਆਤੀ ਟਿਪਣੀ ’ਚ ਮੋਦੀ ਨੇ ਪੁਤਿਨ ਅਤੇ ਵਿਸ਼ਵ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਭਾਰਤ ਸ਼ਾਂਤੀ ਲਈ ਖੜਾ ਹੈ ਅਤੇ ਯੂਕਰੇਨ ’ਚ ਸੰਘਰਸ਼ ਨੂੰ ਖਤਮ ਕਰਨ ’ਚ ਯੋਗਦਾਨ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ, ‘‘ਨਵੀਂ ਪੀੜ੍ਹੀ ਦੇ ਰੌਸ਼ਨ ਭਵਿੱਖ ਲਈ ਸ਼ਾਂਤੀ ਜ਼ਰੂਰੀ ਹੈ। ਬੰਬਾਂ, ਬੰਦੂਕਾਂ ਅਤੇ ਗੋਲੀਆਂ ਵਿਚਾਲੇ ਸ਼ਾਂਤੀ ਵਾਰਤਾ ਸਫਲ ਨਹੀਂ ਹੁੰਦੀ।’’
ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਪੁਤਿਨ ਨਾਲ ਅਪਣੀ ਗੈਰ ਰਸਮੀ ਗੱਲਬਾਤ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਰੂਸੀ ਰਾਸ਼ਟਰਪਤੀ ਦੀ ਗੱਲ ਸੁਣਨ ਨਾਲ ਉਨ੍ਹਾਂ ਨੂੰ ਉਮੀਦ ਮਿਲੀ ਹੈ। ਮੋਦੀ ਨੇ ਕਿਹਾ, ‘‘ਹਰ ਉਹ ਵਿਅਕਤੀ ਜੋ ਮਨੁੱਖਤਾ ’ਚ ਵਿਸ਼ਵਾਸ ਕਰਦਾ ਹੈ, ਜੇ ਕੋਈ ਜਾਨ ਚਲੀ ਜਾਂਦੀ ਹੈ ਤਾਂ ਉਹ ਉਦਾਸ ਮਹਿਸੂਸ ਕਰਦਾ ਹੈ। ਫਿਰ ਵੀ, ਜੇ ਮਾਸੂਮ ਬੱਚੇ ਮਾਰੇ ਜਾਂਦੇ ਹਨ, ਮਾਸੂਮ ਬੱਚੇ ਮਰਦੇ ਹਨ, ਤਾਂ ਇਹ ਦਿਲ ਦਹਿਲਾ ਦੇਣ ਵਾਲਾ ਅਤੇ ਬਹੁਤ ਦਰਦਨਾਕ ਹੈ।’’ਉਨ੍ਹਾਂ ਕਿਹਾ, ‘‘ਕੱਲ੍ਹ ਸਾਡੀ ਬੈਠਕ ’ਚ ਅਸੀਂ ਯੂਕਰੇਨ ਦੇ ਮੁੱਦੇ ’ਤੇ ਇਕ-ਦੂਜੇ ਦੇ ਵਿਚਾਰ ਸੁਣੇ ਅਤੇ ਮੈਂ ਸ਼ਾਂਤੀ ਅਤੇ ਸਥਿਰਤਾ ’ਤੇ ਗਲੋਬਲ ਸਾਊਥ ਦੀਆਂ ਇੱਛਾਵਾਂ ਵੀ ਤੁਹਾਡੇ ਸਾਹਮਣੇ ਰੱਖੀਆਂ।’’
ਪ੍ਰਧਾਨ ਮੰਤਰੀ ਨੇ ਊਰਜਾ ਖੇਤਰ ’ਚ ਭਾਰਤ ਨੂੰ ਰੂਸ ਦੀ ਮਦਦ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘‘ਜਦੋਂ ਦੁਨੀਆਂ ਭੋਜਨ, ਬਾਲਣ ਅਤੇ ਖਾਦ ਦੀ ਕਮੀ ਦਾ ਸਾਹਮਣਾ ਕਰ ਰਹੀ ਸੀ ਤਾਂ ਸਾਨੂੰ ਅਪਣੇ ਕਿਸਾਨਾਂ ਲਈ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਰੂਸ ਨਾਲ ਸਾਡੀ ਦੋਸਤੀ ਨੇ ਇਸ ਵਿਚ ਭੂਮਿਕਾ ਨਿਭਾਈ।’’ਮੋਦੀ ਨੇ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਰੂਸ ਨਾਲ ਸਾਡਾ ਸਹਿਯੋਗ ਹੋਰ ਵਧੇ ਤਾਂ ਜੋ ਸਾਡੇ ਕਿਸਾਨਾਂ ਦੀ ਭਲਾਈ ਹੋ ਸਕੇ।’’ ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਮਜ਼ਬੂਤ ਸਬੰਧਾਂ ਨਾਲ ਲੋਕਾਂ ਨੂੰ ਬਹੁਤ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਨੇ ਅਤਿਵਾਦ ਨਾਲ ਪੈਦਾ ਹੋਈਆਂ ਚੁਨੌਤੀਆਂ ’ਤੇ ਵੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਲਗਭਗ 40 ਸਾਲਾਂ ਤੋਂ ਅਤਿਵਾਦ ਦੀ ਚੁਨੌਤੀ ਦਾ ਸਾਹਮਣਾ ਕਰ ਰਿਹਾ ਹੈ। ਮੈਂ ਅਤਿਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦੀ ਨਿੰਦਾ ਕਰਦਾ ਹਾਂ। ਮੋਦੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ’ਚ ਦੁਨੀਆਂ ਨੂੰ ਕਈ ਚੁਨੌਤੀ ਆਂ ਦਾ ਸਾਹਮਣਾ ਕਰਨਾ ਪਿਆ ਹੈ, ਪਹਿਲਾਂ ਕੋਵਿਡ-19 ਕਾਰਨ ਅਤੇ ਫਿਰ ਕਈ ਸੰਘਰਸ਼ਾਂ ਕਾਰਨ।