
ਚੋਟੀ ਦੇ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ
Russian Army : ਰੂਸ ਨੇ ਅਪਣੀ ਫੌਜ ’ਚ ਸਹਾਇਕਾਂ ਦੇ ਤੌਰ ’ਤੇ ਭਾਰਤੀਆਂ ਦੀ ਭਰਤੀ ਰੋਕਣ ਅਤੇ ਫੋਰਸ ’ਚ ਸੇਵਾ ਨਿਭਾ ਰਹੇ ਭਾਰਤੀਆਂ ਦੀ ਵਾਪਸੀ ਨੂੰ ਯਕੀਨੀ ਬਣਾਉਣ ਦੇ ਭਾਰਤ ਦੇ ਸੱਦੇ ’ਤੇ ਮੋਟੇ ਤੌਰ ’ਤੇ ਸਹਿਮਤੀ ਪ੍ਰਗਟਾਈ ਹੈ। ਚੋਟੀ ਦੇ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
ਸੂਤਰਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਰਾਤ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੈਰਰਸਮੀ ਮੁਲਾਕਾਤ ਦੌਰਾਨ ਇਹ ਮੁੱਦਾ ਚੁਕਿਆ। ਸੂਤਰਾਂ ਨੇ ਦਸਿਆ ਕਿ ਰੂਸੀ ਫੌਜ ’ਚ ਸਹਿਯੋਗੀ ਸਟਾਫ ਦੇ ਤੌਰ ’ਤੇ ਕੰਮ ਕਰ ਰਹੇ ਸਾਰੇ ਭਾਰਤੀਆਂ ਨੂੰ ਸੇਵਾਮੁਕਤ ਕਰਨ ਦੇ ਮਾਸਕੋ ਦੇ ਫੈਸਲੇ ਦਾ ਐਲਾਨ ਮੰਗਲਵਾਰ ਨੂੰ ਮੋਦੀ ਅਤੇ ਪੁਤਿਨ ਵਿਚਾਲੇ ਹੋਣ ਵਾਲੀ ਸਿਖਰ ਵਾਰਤਾ ਤੋਂ ਬਾਅਦ ਕੀਤੇ ਜਾਣ ਦੀ ਉਮੀਦ ਹੈ।
ਸੂਤਰਾਂ ਨੇ ਕਿਹਾ ਕਿ ਰੂਸ ਨੇ ਇਸ ਮੁੱਦੇ ’ਤੇ ਸਾਡੀ ਬੇਨਤੀ ’ਤੇ ਮੋਟੇ ਤੌਰ ’ਤੇ ਸਹਿਮਤੀ ਪ੍ਰਗਟਾਈ ਹੈ।ਪਿਛਲੇ ਮਹੀਨੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਰੂਸ-ਯੂਕਰੇਨ ਜੰਗ ’ਚ ਰੂਸੀ ਫੌਜ ’ਚ ਸੇਵਾ ਨਿਭਾ ਰਹੇ ਦੋ ਹੋਰ ਭਾਰਤੀ ਨਾਗਰਿਕ ਮਾਰੇ ਗਏ ਹਨ। ਇਸ ਦੇ ਨਾਲ ਹੀ ਰੂਸੀ ਫੌਜ ’ਚ ਸਹਾਇਕ ਕਰਮਚਾਰੀ ਦੇ ਤੌਰ ’ਤੇ ਸੇਵਾ ਨਿਭਾ ਰਹੇ ਭਾਰਤੀ ਨਾਗਰਿਕਾਂ ਦੀ ਗਿਣਤੀ ਚਾਰ ਹੋ ਗਈ ਹੈ।
ਦੋ ਹੋਰ ਭਾਰਤੀਆਂ ਦੀ ਮੌਤ ਤੋਂ ਬਾਅਦ ਭਾਰਤ ਨੇ ਰੂਸੀ ਫੌਜ ’ਚ ਭਾਰਤੀ ਨਾਗਰਿਕਾਂ ਦੀ ਭਰਤੀ ’ਤੇ ‘ਤਸਦੀਕਸ਼ੁਦਾ ਰੋਕ’ ਲਾਉਣ ਦੀ ਮੰਗ ਕੀਤੀ ਸੀ।ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਸੀ ਕਿ ਰੂਸੀ ਫੌਜ ਵਿਚ ਸੇਵਾ ਨਿਭਾ ਰਹੇ ਭਾਰਤੀ ਨਾਗਰਿਕਾਂ ਦਾ ਮੁੱਦਾ ‘ਬਹੁਤ ਚਿੰਤਾ’ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਨੇ ਮਾਸਕੋ ਤੋਂ ਇਸ ਸਬੰਧ ਵਿਚ ਕਾਰਵਾਈ ਦੀ ਮੰਗ ਕੀਤੀ।
ਇਸ ਸਾਲ ਮਾਰਚ ’ਚ ਹੈਦਰਾਬਾਦ ਦੇ ਰਹਿਣ ਵਾਲੇ 30 ਸਾਲ ਦੇ ਮੁਹੰਮਦ ਅਸਫਾਨ ਦੀ ਯੂਕਰੇਨ ਜੰਗ ’ਚ ਫਰੰਟਲਾਈਨ ’ਤੇ ਰੂਸੀ ਫ਼ੌਜੀਆਂ ਨੂੰ ਤਾਇਨਾਤ ਕਰਦੇ ਸਮੇਂ ਸੱਟਾਂ ਲੱਗਣ ਕਾਰਨ ਮੌਤ ਹੋ ਗਈ ਸੀ। ਫ਼ਰਵਰੀ ’ਚ ਸੂਰਤ ਦਾ ਰਹਿਣ ਵਾਲਾ 23 ਸਾਲਾ ਹੇਮਲ ਅਸ਼ਵਿਨਭਾਈ ਮੰਗੂਆ ਯੂਕਰੇਨ ਦੇ ਹਵਾਈ ਹਮਲੇ ’ਚ ਮਾਰਿਆ ਗਿਆ ਸੀ, ਜਦੋਂ ਉਹ ਡੋਨੇਟਸਕ ਖੇਤਰ ’ਚ ਸੁਰੱਖਿਆ ਸਹਾਇਕ ਦੇ ਤੌਰ ’ਤੇ ਤਾਇਨਾਤ ਸੀ।