'ਆਰਜ਼ੀ ਵਿਵਸਥਾ' ਤਹਿਤ ਤਿੰਨ ਮਹੀਨਿਆਂ ਲਈ ਹੋਈ ਨਿਯੁਕਤੀ
ਲਾਹੌਰ - ਪਾਕਿਸਤਾਨ ਦੀ ਸੰਘੀ ਸਰਕਾਰ ਨੇ ਇਤਿਹਾਸਕ ਕਰਤਾਰਪੁਰ ਲਾਂਘੇ ਨਾਲ ਸੰਬੰਧਿਤ ਮਾਮਲਿਆਂ ਨੂੰ ਸੰਭਾਲਣ ਲਈ ਤਿੰਨ ਮਹੀਨਿਆਂ ਲਈ ਇੱਕ ਅਧਿਕਾਰੀ ਦੀ ਨਿਯੁਕਤੀ ਕੀਤੀ ਹੈ।
ਚਾਰ ਕਿਲੋਮੀਟਰ ਲੰਬਾ ਕਰਤਾਰਪੁਰ ਕੌਰੀਡੋਰ ਪਾਕਿਸਤਾਨ ਦੇ ਪੰਜਾਬ 'ਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਿਮ ਨਿਵਾਸ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਪੰਜਾਬ ਸੂਬੇ ਦੇ ਡੇਰਾ ਬਾਬਾ ਨਾਨਕ ਮੰਦਰ ਨਾਲ ਜੋੜਦਾ ਹੈ।
ਲਾਂਘੇ ਰਾਹੀਂ, ਭਾਰਤੀ ਸਿੱਖ ਸ਼ਰਧਾਲੂ ਬਿਨਾਂ ਵੀਜ਼ੇ ਦੇ, ਪਾਕਿਸਤਾਨ ਵਿੱਚ ਉਨ੍ਹਾਂ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਨ।
ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੇ ਪਵਿੱਤਰ ਸਥਾਨਾਂ ਦੀ ਦੇਖਭਾਲ ਕਰਨ ਵਾਲੀ ਸੰਘੀ ਸੰਸਥਾ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਨੇ ਬੁੱਧਵਾਰ ਨੂੰ ਤਿੰਨ ਮਹੀਨਿਆਂ ਲਈ ਕਰਤਾਰਪੁਰ ਲਾਂਘੇ ਦੀ ਪ੍ਰੋਜੈਕਟ ਪ੍ਰਬੰਧਨ ਯੂਨਿਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀ ਨਿਯੁਕਤੀ ਲਈ ਇੱਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ।
ਨੋਟੀਫ਼ਿਕੇਸ਼ਨ ਅਨੁਸਾਰ ਈ.ਟੀ.ਪੀ.ਬੀ. ਦੇ ਵਧੀਕ ਸਕੱਤਰ (ਪ੍ਰਸ਼ਾਸਨ) ਸਨਾਉੱਲਾ ਖ਼ਾਨ ਨੂੰ ਤਿੰਨ ਮਹੀਨਿਆਂ ਲਈ 'ਆਰਜ਼ੀ ਵਿਵਸਥਾ' ਤਹਿਤ ਕਰਤਾਰਪੁਰ ਲਾਂਘੇ ਦੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਸੀ.ਈ.ਓ. ਦਾ ਚਾਰਜ ਸੌਂਪਿਆ ਗਿਆ ਹੈ।