
ਇੰਗਲੈਂਡ ਦੇ ਲੰਡਨ ਸਥਿਤ ਭਾਰਤੀ ਅੰਬੈਸੀ ਦੇ ਬਾਹਰ ਖ਼ਾਲਿਸਤਾਨੀ ਸਮਰਥਕਾਂ ਨੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਸੀ।
ਲੰਡਨ : ਇੰਗਲੈਂਡ ਦੇ ਲੰਡਨ ਸਥਿਤ ਭਾਰਤੀ ਅੰਬੈਸੀ ਦੇ ਬਾਹਰ ਖ਼ਾਲਿਸਤਾਨੀ ਸਮਰਥਕਾਂ ਨੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਉਸ ਸਮੇਂ ਭਾਰੀ ਤਣਾਅ ਪੈਦਾ ਹੋ ਗਿਆ ਜਦੋਂ ਖ਼ਾਲਿਸਤਾਨੀ ਸਮਰਥਕਾਂ ਦਾ ਵਿਰੋਧ ਕਰਨ ਲਈ ਕੁੱਝ ਮੋਦੀ ਸਮਰਥਕ ਪਹੁੰਚ ਗਏ, ਪਰ ਗੁੱਸੇ ਵਿਚ ਆਏ ਖ਼ਾਲਿਸਤਾਨੀ ਸਮਰਥਕਾਂ ਨੇ ਇਨ੍ਹਾਂ ਲੋਕਾਂ ਨੂੰ ਗਾਲ੍ਹਾਂ ਕੱਢਦੇ ਹੋਏ ਉਥੋਂ ਖਦੇੜ ਦਿਤਾ, ਕਥਿਤ ਤੌਰ 'ਤੇ ਕਈਆਂ ਦੀ ਕੁੱਟਮਾਰ ਵੀ ਕੀਤੀ ਸੀ।
ਜਾਣਕਾਰੀ ਮੁਤਾਬਕ ਅੰਬੈਸੀ ਦੇ ਸਾਹਮਣੇ ਕਸ਼ਮੀਰੀ ਅਤੇ ਖ਼ਾਲਿਸਤਾਨੀ ਸਮਰਥਕ ਭਾਰਤ ਵਿਰੋਧੀ ਨਾਅਰੇਬਾਜ਼ੀ ਕਰ ਰਹੇ ਸੀ ਜਦਕਿ ਦੂਜਾ ਗੁੱਟ ਮੋਦੀ ਦੇ ਸਮਰਥਕ ਵਿਚ ਨਾਅਰੇਬਾਜ਼ੀ ਕਰ ਰਿਹਾ ਸੀ। ਇਸੇ ਦੌਰਾਨ ਦੋਨਾਂ ਗੁੱਟਾਂ ਵਿਚ ਝੜਪ ਹੋ ਗਈ।
ਇਸ ਮੌਕੇ ਜਿੱਥੇ ਖ਼ਾਲਿਸਤਾਨੀ ਸਮਰਥਕਾਂ ਵਲੋਂ ਭਾਰਤ ਦੀ ਮੋਦੀ ਸਰਕਾਰ ਵਿਰੁਧ ਨਾਅਰੇਬਾਜ਼ੀ ਕਰਦੇ ਹੋਏ ਖ਼ਾਲਿਸਤਾਨ ਦੀ ਮੰਗ ਕੀਤੀ ਗਈ, ਉਥੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰਾਂ 'ਤੇ ਜੁੱਤੀਆਂ ਮਾਰ ਕੇ ਰੋਸ ਜ਼ਾਹਿਰ ਕੀਤਾ ਗਿਆ ਸੀ।
ਸਕਾਟਲੈਂਡ ਯਾਰਡ ਦੀ ਕਹਿਣਾ ਹੈ ਕਿ ਬ੍ਰਿਟੇਨ ਸਥਿਤ ਕਸ਼ਮੀਰੀ ਅਤੇ ਖ਼ਾਲਿਸਤਾਨ ਸਮਰਥਕ ਸੰਗਠਨਾਂ ਅਤੇ ਮੋਦੀ ਦੇ ਸਮਰਥਨ ਵਿਚ ਲੋਕਾਂ 'ਚ ਝੜਪ ਦੌਰਾਨ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੈਟਰੋਪੋਲੀਟਨ ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਬਾਅਦ ਵਿਚ ਛੱਡ ਦਿੱਤਾ ਗਿਆ। ਉਸਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਇੰਗਲੈਂਡ ਅਤੇ ਕੈਨੇਡਾ ਵਸਦੇ ਬਹੁਤ ਸਾਰੇ ਸਿੱਖਾਂ ਵਲੋਂ ਖ਼ਾਲਿਸਤਾਨ ਦੀ ਮੰਗ ਉਠਾਈ ਜਾ ਰਹੀ ਹੈ ਅਤੇ ਮੋਦੀ ਸਰਕਾਰ ਨੂੰ ਸਿੱਖਾਂ ਅਤੇ ਮੁਸਲਮਾਨਾਂ ਦੀ ਵਿਰੋਧੀ ਦੱਸਿਆ ਜਾ ਰਿਹਾ ਹੈ। ਖ਼ਾਲਿਸਤਾਨੀ ਸਮਰਥਕਾਂ ਵਲੋਂ ਪਿਛਲੇ ਸਾਲ ਲੰਡਨ ਵਿਚ ਖ਼ਾਲਿਸਤਾਨ ਦੀ ਮੰਗ ਨੂੰ ਲੈ ਕੇ 'ਰੈਫਰੈਂਡਮ-2020 ਸਬੰਧੀ ਇਕ ਕਨਵੈਨਸ਼ਨ ਵੀ ਕਰਵਾਈ ਗਈ ਸੀ।