
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਅਗਲੀ ਆਮ ਚੋਣ ਲੜ ਸਕਦੇ ਹਨ.....
ਇਸਲਾਮਾਬਾਦ, : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਅਗਲੀ ਆਮ ਚੋਣ ਲੜ ਸਕਦੇ ਹਨ। ਸੁਪਰੀਮ ਕੋਰਟ ਨੇ ਸਨਿਚਰਵਾਰ ਨੂੰ ਇਸ ਦੀ ਮਨਜੂਰੀ ਦੇ ਦਿਤੀ। ਹਾਲਾਂਕਿ ਸ਼ਰਤ ਰੱਖੀ ਹੈ ਕਿ ਉਨ੍ਹਾਂ ਨੂੰ 13 ਜੂਨ ਨੂੰ ਖ਼ੁਦ ਅਦਾਲਤ 'ਚ ਪੇਸ਼ ਹੋਣਾ ਪਵੇਗਾ।
ਅਦਾਲਤ ਨੇ ਵਾਅਦਾ ਕੀਤਾ ਹੈ ਕਿ ਜੇ ਉਹ ਪੇਸ਼ ਹੋਏ ਤਾਂ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਸਾਲ 2013 'ਚ ਪੇਸ਼ਾਵਰ ਹਾਈਕੋਰਟ ਨੇ ਮੁਸ਼ੱਰਫ਼ ਦੇ ਪਾਕਿਸਤਾਨ ਆਉਣ 'ਤੇ ਆਜੀਵਨ ਰੋਕ ਲਗਾ ਦਿਤੀ ਸੀ। ਮੁਸ਼ੱਰਫ਼ ਨੇ ਉਸ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਨੌਤੀ ਦਿਤੀ ਸੀ।
ਮੁਸ਼ੱਰਫ਼ ਦੀ ਪਾਰਟੀ ਆਲ ਪਾਕਿਸਤਾਨ ਮੁਸਲਿਮ ਲੀਗ ਦੇ ਜਨਰਲ ਸਕੱਤਰ ਮੁਹੰਮਦ ਅਮਜ਼ਦ ਨੇ ਕਿਹਾ ਕਿ ਮੁਸ਼ੱਰਫ਼ ਚੋਣਾਂ ਤੋਂ ਪਹਿਲਾਂ ਪਾਕਿਸਤਾਨ ਆ ਜਾਣਗੇ। ਛੇਤੀ ਹੀ ਕੁੱਝ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਕੀਤਾ ਜਾਵੇਗਾ। ਅਮਜ਼ਦ ਨੇ ਇਹ ਵੀ ਕਿਹਾ ਕਿ ਮੁਸ਼ੱਰਫ਼ ਖੈਬਰ ਪਖਤੂਨਖਵਾ ਦੀ ਅਪਣੀ ਪੁਰਾਣੀ ਚਿਤਰਲ ਸੀਟ ਤੋਂ ਹੀ ਚੋਣ ਲੜਨਗੇ। (ਪੀਟੀਆਈ)