
ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀ.ਟੀ.ਆਰ.ਆਈ) ਨੇ ਮੋਦੀ ਸਰਕਾਰ ਨੂੰ ਦਿੱਤੀ ਸਲਾਹ
ਨਵੀਂ ਦਿੱਲੀ : ਅਮਰੀਕਾ ਦੀ ਸੁਪਰੀਮ ਕੋਰਟ ’ਚ ਭਾਰਤ ਨੂੰ ਜਲਦ ‘ਐਮਿਕਸ ਕਿਊਰੀ’ ਪਟੀਸ਼ਨ ਦਾਖਲ ਕਰਨੀ ਚਾਹੀਦੀ ਹੈ। ਗਲੋਬਲ ਟਰੇਡ ਰਿਸਰਚ ਇਨੀਸੀਏਟਿਵ (ਜੀਟੀਆਰਆਈ) ਵੱਲੋਂ ਮੋਦੀ ਸਰਕਾਰ ਨੂੰ ਇਹ ਸਲਾਹ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਦੇ ਆਧਾਰ ’ਤੇ ਲਗਾਏ ਗਏ ਟੈਰਿਫ ਨੂੰ ਜਾਇਜ਼ ਦੱਸਿਆ ਹੈ। ਅਮਰੀਕਾ ਨੇ ਉਥੋਂ ਦੀ ਅਪੀਲ ਕੋਰਟ ਦੇ ਉਸ ਹੁਕਮ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ, ਜਿਸ ਵਿੱਚ ਭਾਰਤ ’ਤੇ ਟੈਰਿਫ ਲਗਾਉਣ ਦੇ ਫੈਸਲੇ ਨੂੰ ਗੈਰ-ਕਾਨੂੰਨੀ ਮੰਨਿਆ ਗਿਆ ਹੈ।
ਰਿਪੋਰਟ ਅਨੁਸਾਰ ਜੇਕਰ ਭਾਰਤ ਚੁੱਪ ਰਹਿੰਦਾ ਹੈ ਅਤੇ ਉਸ ਨੇ ਟਰੰਪ ਸਰਕਾਰ ਦੇ ਖਿਲਾਫ਼ ਉਥੋਂ ਦੀ ਸੁਪਰੀਮ ਕੋਰਟ ਵਿੱਚ ਆਪਣਾ ਪੱਖ ਨਾ ਰੱਖਿਆ ਤਾਂ ਟਰੰਪ ਦਾ ਇਹ ਦਾਅਵਾ ਕਿ ਰੂਸੀ ਤੇਲ ਆਯਾਤ ਕਾਰਨ ਵਾਧੂ ਟੈਰਿਫ ਜ਼ਰੂਰੀ ਹੈ, ਤਾਂ ਅਮਰੀਕੀ ਸੁਪਰੀਮ ਕੋਰਟ ਇਸ ਦਲੀਲ ਨੂੰ ਬਿਨਾਂ ਚੁਣੌਤੀ ਦੇ ਸਵੀਕਾਰ ਕਰੇਗੀ। ਜਾਣਕਾਰੀ ਅਨੁਸਾਰ ਟਰੰਪ ਸਰਕਾਰ ਨੇ 4 ਸਤੰਬਰ 2025 ਨੂੰ ਅਮਰੀਕਾ ਦੀ ਸੁਪਰੀਮ ਕੋਰਟ ’ਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ ’ਚ ਅਮਰੀਕੀ ਸਰਕਾਰ ਨੇ ਇੱਕ ਅਪੀਲ ਦਾਇਰ ਕਰਕੇ ਹੇਠਲੀ ਅਦਾਲਤ ਵੱਲੋਂ ਰੱਦ ਕੀਤੇ ਗਏ ਟੈਰਿਫ ਨੂੰ ਬਹਾਲ ਕਰਨ ਦੀ ਮੰਗ ਕੀਤੀ ਸੀ। ਇੰਨਾ ਹੀ ਨਹੀਂ ਇਸ ਅਪੀਲ ’ਚ ਅਮਰੀਕੀ ਸਰਕਾਰ ਨੇ ਸਪੱਸ਼ਟ ਰੂਪ ਨਾਲ ਭਾਰਤ ਦੇ ਰੂਸ ਤੋਂ ਤੇਲ ਖਰੀਣ ਨੂੰ ਟੈਰਿਫ ਲਗਾਉਣ ਦਾ ਕਾਰਨ ਦੱਸਿਆ ਹੈ।
ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ ਇੱਕ ਸੁਤੰਤਰ ਖੋਜ ਸੰਗਠਨ ਹੈ। ਇਹ ਵਪਾਰ, ਤਕਨਾਲੋਜੀ, ਜਲਵਾਯੂ ਪਰਿਵਰਤਨ ਅਤੇ ਨਿਵੇਸ਼ ਨਾਲ ਸਬੰਧਤ ਮੁੱਦਿਆਂ ’ਤੇ ਕੰਮ ਕਰਦਾ ਹੈ। ਇਸ ਸੰਗਠਨ ਦਾ ਉਦੇਸ਼ ਸਰਕਾਰਾਂ, ਉਦਯੋਗਾਂ ਅਤੇ ਨੀਤੀ ਨਿਰਮਾਤਾਵਾਂ ਲਈ ਉੱਚ ਗੁਣਵੱਤਾ ਵਾਲੀਆਂ, ਸਰਲ ਰਿਪੋਰਟਾਂ ਤਿਆਰ ਕਰਨਾ ਹੈ। ਉਥੇ ਹੀ ਐਮੀਕਸ ਕਿਊਰੀ ਅਦਾਲਤ ਵਿੱਚ ਇੱਕ ਵਿਅਕਤੀ ਜਾਂ ਸਮੂਹ ਹੋ ਸਕਦਾ ਹੈ, ਜੋ ਕਿਸੇ ਕੇਸ ਦਾ ਪੱਖਕਾਰ ਨਹੀਂ ਹੁੰੰਦਾ ਪਰ ਅਦਾਲਤ ਨੂੰ ਮਾਮਲੇ ਦੀ ਸੁਣਵਾਈ ’ਚ ਸਹਾਇਤਾ ਕਰਨ ਲਈ ਸਵੈ-ਇੱਛਾ ਨਾਲ ਜੁੜਦਾ ਹੈ।