
ਅੰਤਿਮ ਸੰਸਕਾਰ ’ਚ ਸ਼ਾਮਲ ਹੋਣ ਲਈ ਆਏ ਵਿਅਕਤੀਆਂ ’ਤੇ ਏਡੀਐਫ ਵੱਲੋਂ ਕੀਤਾ ਗਿਆ ਹਮਲਾ
ਕਾਂਗੋ : ਪੂਰਬੀ ਕਾਂਗੋ ’ਚ ਮੰਗਲਵਾਰ ਰਾਤ ਨੂੰ ਇਸਲਾਮਿਕ ਸਟੇਟ ਨਾਲ ਜੁੜੇ ਬਾਗੀ ਸਮੂਹ ਅਲਾਈਡ ਡੈਮੋਕ੍ਰੇਟਿਕ ਫੋਰਸ ਨੇ ਹਮਲਾ ਕੀਤਾ ਅਤੇ ਇਸ ਹਮਲੇ ਵਿੱਚ ਘੱਟੋ-ਘੱਟ 60 ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਲੋਕ ਇੱਕ ਅੰਤਿਮ ਸੰਸਕਾਰ ਵਿੱਚ ਇਕੱਠੇ ਹੋਏ ਸਨ। ਇੱਕ ਚਸ਼ਮਦੀਦ ਨੇ ਮੀਡੀਆ ਨੂੰ ਦੱਸਿਆ ਕਿ ਹਮਲਾਵਰਾਂ ਦੀ ਗਿਣਤੀ 10 ਸੀ ਅਤੇ ਉਨ੍ਹਾਂ ਕੋਲ ਵੱਡੇ ਚਾਕੂ ਸਨ। ਉਨ੍ਹਾਂ ਨੇ ਲੋਕਾਂ ਨੂੰ ਇੱਕ ਥਾਂ ਇਕੱਠੇ ਹੋਣ ਲਈ ਕਿਹਾ ਅਤੇ ਫਿਰ ਉਨ੍ਹਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਲੁਬੇਰੋ ਖੇਤਰ ਦੇ ਪ੍ਰਸ਼ਾਸਕ ਕਰਨਲ ਐਲਨ ਕਿਵੇਵਾ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਲਗਭਗ 60 ਸੀ ਜਦਕਿ ਸਹੀ ਅੰਕੜਾ ਫਿਲਹਾਲ ਸਪੱਸ਼ਟ ਨਹੀਂ ਹੈ।
ਮੰਗਲਵਾਰ ਨੂੰ ਹੀ ਬੇਨੀ ਖੇਤਰ ਵਿੱਚ ਏਡੀਐਫ ਨੇ ਇੱਕ ਹੋਰ ਹਮਲਾ ਕੀਤਾ, ਜਿਸ ’ਚ 18 ਲੋਕ ਮਾਰੇ ਗਏ। ਕਾਂਗੋ-ਯੂਗਾਂਡਾ ਸਰਹੱਦ ’ਤੇ ਸਰਗਰਮ ਏਡੀਐਫ ਨੇ 2019 ਵਿੱਚ ਇਸਲਾਮਿਕ ਸਟੇਟ ਪ੍ਰਤੀ ਵਫ਼ਾਦਾਰੀ ਦਾ ਵਾਅਦਾ ਕੀਤਾ ਸੀ। ਕਾਂਗੋ ਅਤੇ ਯੂਗਾਂਡਾ ਦੀਆਂ ਕਾਰਵਾਈਆਂ ਦੇ ਬਾਵਜੂਦ ਇਹ ਸਮੂਹ ਨਾਗਰਿਕਾਂ ’ਤੇ ਹਮਲਾ ਕਰ ਰਿਹਾ ਹੈ।
ਜੁਲਾਈ ਵਿੱਚ ਇਤੁਰੀ ਪ੍ਰਾਂਤ ’ਚ ਏਡੀਐਫ ਨੇ ਦੋ ਵੱਡੇ ਹਮਲੇ ਕੀਤੇ, ਜਿਨ੍ਹਾਂ ’ਚ 34 ਅਤੇ 66 ਵਿਅਕਤੀ ਮਾਰੇ ਗਏ ਸਨ। ਇਸ ਖੇਤਰ ਵਿੱਚ ਕਈ ਸਮੂਹ ਸਰਗਰਮ ਹਨ ਜਿਨ੍ਹਾਂ ’ਚ ਰਵਾਂਡਾ-ਸਮਰਥਿਤ ਐਮ 23 ਬਾਗੀ ਅਤੇ ਕਾਂਗੋ ਸਰਕਾਰ ਦਰਮਿਆਨ ਚੱਲ ਰਿਹਾ ਵੱਡਾ ਟਕਰਾਅ ਵੀ ਸ਼ਾਮਲ ਹੈ।
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨਰ ਵੋਲਕਰ ਤੁਰਕ ਨੇ ਕਿਹਾ ਕਿ ਸੁਰੱਖਿਆ ਦੀ ਘਾਟ ਦਾ ਫਾਇਦਾ ਉਠਾ ਕੇ ਏਡੀਐਫ ਹਮਲੇ ਕਰ ਰਿਹਾ ਹੈ। ਸਥਾਨਕ ਲੋਕ ਡਰ ਅਤੇ ਅਨਿਸ਼ਚਿਤਤਾ ਵਿੱਚ ਜੀਅ ਰਹੇ ਹਨ ਅਤੇ ਸਥਿਤੀ ਲਗਾਤਾਰ ਵਿਗੜ ਰਹੀ ਹੈ।