
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕ੍ਰੀਮੀਆ ਪੁਲ 'ਤੇ ਹੋਏ ਧਮਾਕੇ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ।
ਕੀਵ: ਯੂਕਰੇਨ ਦੀ ਰਾਜਧਾਨੀ ਕੀਵ ਵਿਚ ਸੋਮਵਾਰ ਨੂੰ ਤਿੰਨ ਵੱਡੇ ਧਮਾਕੇ ਸੁਣਾਈ ਦਿੱਤੇ। ਯੂਕਰੇਨ ਦੇ ਹੋਰ ਸ਼ਹਿਰਾਂ ਵਿਚ ਵੀ ਧਮਾਕਿਆਂ ਦੀ ਖਬਰ ਹੈ। ਯੂਕਰੇਨ ਦਾ ਕਹਿਣਾ ਹੈ ਕਿ ਰੂਸ ਨੇ ਸੋਮਵਾਰ ਨੂੰ ਕੁੱਲ 75 ਮਿਜ਼ਾਈਲਾਂ ਦਾਗੀਆਂ, ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਲੁਕਣ ਲਈ ਕਿਹਾ ਗਿਆ ਹੈ। ਰਾਸ਼ਟਰਪਤੀ ਦਫਤਰ ਦੇ ਉਪ ਮੁਖੀ ਕਿਰਲੋ ਟਿਮੋਸ਼ੇਂਕੋ ਨੇ ਕਿਹਾ ਕਿ ਯੂਕਰੇਨ 'ਤੇ ਮਿਜ਼ਾਈਲਾਂ ਦਾ ਮੀਂਹ ਵਰ੍ਹ ਰਿਹਾ ਹੈ। ਇਸ ਦੌਰਾਨ ਕਈ ਮੌਤਾਂ ਹੋਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕ੍ਰੀਮੀਆ ਪੁਲ 'ਤੇ ਹੋਏ ਧਮਾਕੇ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ। ਕੀਵ 'ਚ ਇਹ ਧਮਾਕੇ ਸਥਾਨਕ ਸਮੇਂ ਮੁਤਾਬਕ ਸਵੇਰੇ 08:15 ਵਜੇ ਹੋਏ। ਯੂਕਰੇਨ ਦੀ ਰਾਜਧਾਨੀ ਵਿਚ ਚੇਤਾਵਨੀ ਸਾਇਰਨ ਵਜਾਇਆ ਗਿਆ। ਕੀਵ ਦੇ ਮੇਅਰ ਵਿਤਾਲੀ ਕਲਿਤਸਕੋ ਨੇ ਸੋਸ਼ਲ ਮੀਡੀਆ 'ਤੇ ਕਿਹਾ, "ਰਾਜਧਾਨੀ ਦੇ ਕੇਂਦਰੀ ਖੇਤਰ ਵਿਚ ਕਈ ਧਮਾਕੇ ਹੋਏ।" ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਵੀਡੀਓਜ਼ ਤੋਂ ਪਤਾ ਲੱਗਦਾ ਹੈ ਕਿ ਸ਼ਹਿਰ ਦੇ ਕਈ ਇਲਾਕਿਆਂ 'ਚੋਂ ਕਾਲਾ ਧੂੰਆਂ ਉੱਠ ਰਿਹਾ ਹੈ।
ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਆਪਣੇ ਟੈਲੀਗ੍ਰਾਮ ਅਕਾਊਂਟ 'ਤੇ ਕਿਹਾ, "ਰੂਸ ਸਾਨੂੰ ਤਬਾਹ ਕਰਨ ਅਤੇ ਧਰਤੀ ਤੋਂ ਸਾਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ"। ਉਹਨਾਂ ਨੇ ਯੂਕਰੇਨ ਵਾਸੀਆਂ ਨੂੰ ਮਜ਼ਬੂਤੀ ਨਾਲ ਖੜ੍ਹੇ ਹੋਣ ਦੀ ਅਪੀਲ ਕੀਤੀ। ਯੂਕਰੇਨੀ ਮੀਡੀਆ ਨੇ ਲਵੀਵ, ਟੇਰਨੋਪਿਲ, ਖਮੇਲਨਿਤਸਕੀ, ਜ਼ਾਇਟੋਮਾਇਰ ਅਤੇ ਕ੍ਰੋਪਿਵਨਿਤਸਕੀ ਸਮੇਤ ਕਈ ਹੋਰ ਥਾਵਾਂ 'ਤੇ ਵੀ ਧਮਾਕਿਆਂ ਦੀ ਜਾਣਕਾਰੀ ਦਿੱਤੀ ਹੈ।
ਵਲਾਦੀਮੀਰ ਪੁਤਿਨ ਨੇ ਕੀਤੀ ਪੁਸ਼ਟੀ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਕ ਵੀਡੀਓ ਸੰਬੋਧਨ ਵਿਚ ਕਿਹਾ ਕਿ ਰੂਸ ਦੀਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨੇ ਯੂਕਰੇਨ ਦੀ ਊਰਜਾ, ਫੌਜ ਅਤੇ ਸੰਚਾਰ ਸੁਵਿਧਾਵਾਂ ਨੂੰ ਨਿਸ਼ਾਨਾ ਬਣਾਇਆ ਹੈ। ਪੁਤਿਨ ਨੇ ਦੁਹਰਾਇਆ ਕਿ ਰੂਸੀ ਖੇਤਰ ਵਿਚ ਕਿਸੇ ਵੀ "ਅੱਤਵਾਦੀ" ਗਤੀਵਿਧੀਆਂ ਦਾ "ਸਖ਼ਤ" ਜਵਾਬ ਦਿੱਤਾ ਜਾਵੇਗਾ।
ਕੀਵ ਦਾ ਮਸ਼ਹੂਰ ਬ੍ਰਿਜ ਉਡਾਇਆ
ਰੂਸੀ ਮਿਜ਼ਾਈਲ ਹਮਲੇ ਵਿਚ ਕੀਵ ਵਿਚ ਬਣਿਆ ਪੈਦਲ ਪੁਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਲੋਕ ਸਾਈਕਲਿੰਗ ਲਈ ਕਲਿਟਸਕੋ ਪੁਲ ਦੀ ਵਰਤੋਂ ਵੀ ਕਰਦੇ ਹਨ। ਇਹ ਸਾਲ 2019 ਵਿਚ ਬਣਾਇਆ ਗਿਆ ਸੀ। ਨੀਪਰ ਨਦੀ ਦੇ ਕੰਢੇ 'ਤੇ ਬਣਿਆ ਇਹ ਪੁਲ ਸੈਲਾਨੀਆਂ 'ਚ ਕਾਫੀ ਖਿੱਚ ਦਾ ਕੇਂਦਰ ਹੈ। ਇਹ ਕੱਚ ਦੇ ਪੈਨਲਾਂ ਨਾਲ ਢੱਕਿਆ ਹੋਇਆ ਹੈ ਅਤੇ ਹੇਠਾਂ ਇਕ ਵਿਅਸਤ ਸੜਕ ਹੈ। ਪੁਲ ਦੀ ਲੰਬਾਈ 212 ਮੀਟਰ ਹੈ ਅਤੇ ਉਚਾਈ 32 ਮੀਟਰ ਹੈ। ਪੁਲ 'ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਹਮਲਾ ਕਿਸ ਸਮੇਂ ਹੋਇਆ। ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਰੂਸੀ ਮਿਜ਼ਾਈਲ ਹਮਲੇ ਵਿਚ ਕੋਈ ਜ਼ਖਮੀ ਹੋਇਆ ਹੈ ਜਾਂ ਨਹੀਂ। ਯੂਕਰੇਨ ਦੇ ਫੌਜ ਮੁਖੀ ਮੁਤਾਬਕ ਰੂਸ ਨੇ ਅੱਜ ਸਵੇਰ ਤੋਂ 75 ਮਿਜ਼ਾਈਲਾਂ ਦਾਗੀਆਂ ਹਨ, ਜਿਨ੍ਹਾਂ 'ਚੋਂ 41 ਮਿਜ਼ਾਈਲਾਂ ਨੂੰ ਹਵਾਈ ਰੱਖਿਆ ਪ੍ਰਣਾਲੀ ਰਾਹੀਂ ਬੇਅਸਰ ਕੀਤਾ ਗਿਆ ਹੈ।