
ਫ਼ੌਜੀ ਨਿਵੇਸ਼ ਸਬੰਧੀ ਹਰਜੀਤ ਸਿੰਘ ਸੱਜਣ ਸਲਾਹਕਾਰ ਨਿਯੁਕਤ
ਔਟਾਵਾ: ਕੈਨੇਡਾ ਦੀ ਫ਼ੈਡਰਲ ਸਰਕਾਰ ਵੱਲੋਂ ਫ਼ੌਜੀ ਨਿਵੇਸ਼ ਲਈ ਫ਼ੰਡਿੰਗ ਦਾ ਕੁਝ ਹਿੱਸਾ ਬ੍ਰਿਟਿਸ਼ ਕੋਲੰਬੀਆ ’ਚ ਸੁਰੱਖਿਅਤ ਕਰਨ ਵਿਚ ਮਦਦ ਕਰਨ ਲਈ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸਾਬਕਾ ਰਾਸ਼ਟਰੀ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ ਸਲਾਹਕਾਰ ਨਿਯੁਕਤ ਕੀਤਾ ਹੈ। ਹਰਜੀਤ ਸਿੰਘ ਸੱਜਣ 2015 ਤੋਂ 2021 ਤੱਕ ਰੱਖਿਆ ਮੰਤਰੀ ਰਹੇ ਹਨ ਅਤੇ ਬੀਸੀ ਦੇ ਰੁਜ਼ਗਾਰ ਮੰਤਰੀ ਰਵੀ ਕਾਹਲੋਂ ਨੇ ਕਿਹਾ ਹੈ ਕਿ ਸੱਜਣ ਨੇ ਸੂਬਾ ਸਰਕਾਰ ਨੂੰ ਮੁਫਤ ਸਲਾਹ ਦੇਣ ਦਾ ਫੈਸਲਾ ਕੀਤਾ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਾਟੋ ਨੂੰ ਵਾਅਦਾ ਕੀਤਾ ਹੈ ਕਿ ਕੈਨੇਡਾ ਅਗਲੇ ਦਹਾਕੇ ਵਿੱਚ ਆਪਣੇ ਫ਼ੌਜੀ ਖਰਚ ਨੂੰ ਜੀਡੀਪੀ ਦੇ ਪੰਜ ਪ੍ਰਤੀਸ਼ਤ ਤੱਕ ਵਧਾਏਗਾ, ਜਿਸ ਵਿੱਚੋਂ 3.5 ਪ੍ਰਤੀਸ਼ਤ ਰਵਾਇਤੀ ਫ਼ੌਜੀ ਸਾਜ਼ੋ-ਸਾਮਾਨ 'ਤੇ ਅਤੇ ਬਾਕੀ ਬੁਨਿਆਦੀ ਢਾਂਚੇ 'ਤੇ ਖਰਚ ਕੀਤਾ ਜਾਵੇਗਾ। ਕਾਹਲੋਂ ਨੇ ਕਿਹਾ ਕਿ ਕੈਨੇਡਾ ਦੀਆਂ ਫ਼ੌਜੀ ਵਚਨਬੱਧਤਾਵਾਂ ਨਾਲ ਸਲਾਨਾ ਲੱਖਾਂ ਡਾਲਰਾਂ ਦੀ ਵਾਧੂ ਫ਼ੰਡਿੰਗ ਹੋਵੇਗੀ, ਜੋ ਸ਼ੁਰੂਆਤ ਵਿਚ $9 ਬਿਲੀਅਨ ਨਾਲ ਸ਼ੁਰੂ ਹੋਵੇਗੀ। ਬੀਸੀ ਸਰਕਾਰ ਇਸ ਮਹੀਨੇ ਦੇ ਅੰਤ ਤੱਕ ਇੱਕ ਰਣਨੀਤੀ ਜਾਰੀ ਕਰੇਗੀ, ਜਿਸ ਵਿੱਚ ਕਿਹੜੇ ਖੇਤਰਾਂ ਨੂੰ ਇਸ ਫੰਡ ਵਿੱਚੋਂ ਹਿੱਸਾ ਮਿਲ ਸਕਦਾ ਹੈ, ਬਾਰੇ ਯੋਜਨਾ ਤਿਆਰ ਕੀਤੀ ਜਾਵੇਗੀ।
ਕਾਹਲੋਂ ਨੇ ਕਿਹਾ ਕਿ ਸੱਜਣ ਨੂੰ ਕੈਨੇਡਾ ਸਰਕਾਰ ਨਾਲ ਲਾਬੀ ਕਰਨ ਦੀ ਜ਼ਰੂਰਤ ਨਹੀਂ ਪਏਗੀ, ਕਿਉਂਕਿ ਬੀਸੀ ਦੇ ਪਹਿਲਾਂ ਤੋਂ ਹੀ ਕੈਨੇਡਾ ਸਰਕਾਰ ਨਾਲ ਸਥਾਪਿਤ ਸਬੰਧ ਹਨ। ਇਸ ਦੀ ਬਜਾਏ, ਸੱਜਣ ਬੀਸੀ ਦੇ ਉਦਯੋਗਾਂ ਜਿਵੇਂ ਕਿ ਏਰੋਸਪੇਸ, ਉਡਾਣ ਅਤੇ ਜਹਾਜ਼ ਬਣਾਉਣ ਵਾਲੇ ਖੇਤਰਾਂ ਵਿੱਚ ਸੰਭਾਵਤ ਮੌਕਿਆਂ ਅਤੇ ਚੁਣੌਤੀਆਂ ਦੀ ਪਛਾਣ ਕਰਨ ਵਿਚ ਮਦਦ ਪ੍ਰਦਾਨ ਕਰਨਗੇ।