1 ਜਨਵਰੀ 2023 ਤੋਂ ਸੰਭਾਲਣਗੇ ਆਪਣਾ ਅਹੁਦਾ
ਨਿਊਯਾਰਕ - ਭਾਰਤੀ ਮੂਲ ਦੇ ਨਿਹਾਰ ਮਾਲਵੀਆ ਨੂੰ ਨਿਊਯਾਰਕ ਸਥਿਤ ਅੰਤਰਰਾਸ਼ਟਰੀ ਪ੍ਰਕਾਸ਼ਨ ਸਮੂਹ ਪੇਂਗੁਇਨ ਰੈਂਡਮ ਹਾਊਸ ਦਾ ਅੰਤਰਿਮ ਸੀ.ਈ.ਓ. ਬਣਾਇਆ ਜਾਵੇਗਾ।
ਕੰਪਨੀ ਦੇ ਮੌਜੂਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮਾਰਕਸ ਡੋਹਲੇ ਨੇ ਅਹੁਦੇ ਤੋਂ ਹਟਣ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਮਾਲਵੀਆ ਨੂੰ ਅੰਤਰਿਮ ਸੀ.ਈ.ਓ. ਬਣਾਉਣ ਦਾ ਫ਼ੈਸਲਾ ਲਿਆ ਗਿਆ।
ਮਾਲਵੀਆ 2019 ਤੋਂ ਪੇਂਗੁਇਨ ਰੈਂਡਮ ਹਾਊਸ ਅਮਰੀਕਾ ਦੇ ਪ੍ਰਧਾਨ ਅਤੇ ਮੁੱਖ ਸੰਚਾਲਨ ਅਧਿਕਾਰੀ (ਸੀ.ਓ.ਓ.) ਹਨ। ਉਹ 1 ਜਨਵਰੀ 2023 ਤੋਂ ਅੰਤਰਿਮ ਸੀ.ਈ.ਓ. ਬਣ ਜਾਣਗੇ। ਪ੍ਰਕਾਸ਼ਕ ਦੀ ਮੂਲ ਕੰਪਨੀ ਬਰਟੇਲਸਮੈਨ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ 'ਚ ਇਹ ਜਾਣਕਾਰੀ ਦਿੱਤੀ।
ਮਾਲਵੀਆ ਬਰਟੇਲਸਮੈਨ ਦੇ ਸੀ.ਈ.ਓ. ਥਾਮਸ ਰਾਬੇ ਨੂੰ ਰਿਪੋਰਟ ਕਰਨਗੇ ਅਤੇ ਬਰਟੇਲਸਮੈਨ ਦੀ ਸਮੂਹ ਪ੍ਰਬੰਧਨ ਕਮੇਟੀ (ਜੀ.ਐਮ.ਸੀ.) ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ, ਉਹ ਪੇਂਗੁਇਨ ਰੈਂਡਮ ਹਾਊਸ ਗਲੋਬਲ ਐਗਜ਼ੀਕਿਊਟਿਵ ਕਮੇਟੀ ਦੇ ਮੈਂਬਰ ਬਣੇ ਰਹਿਣਗੇ।
ਬਿਆਨ ਵਿੱਚ ਕਿਹਾ ਗਿਆ ਹੈ, "ਮਾਲਵੀਆ ਦੀ ਨਿਯੁਕਤੀ ਤੋਂ ਬਾਅਦ, ਜੀ.ਐਮ.ਸੀ. ਵਿੱਚ ਅੱਠ ਵੱਖ-ਵੱਖ ਕੌਮੀਅਤਾਂ ਦੇ 20 ਉੱਚ ਅਧਿਕਾਰੀ ਸ਼ਾਮਲ ਹੋਣਗੇ।"
ਬਿਆਨ ਅਨੁਸਾਰ, ਪੇਂਗੁਇਨ ਰੈਂਡਮ ਹਾਊਸ ਦੇ ਅੰਤਰਿਮ ਸੀ.ਈ.ਓ. ਦੇ ਤੌਰ 'ਤੇ, ਮਾਲਵੀਆ ਕੰਪਨੀ ਦੀ 'ਨਵੇਂ ਪ੍ਰਤੀਯੋਗੀ ਲਾਭ ਹਾਸਲ ਕਰਨ ਦੀ ਮੁਹਿੰਮ ਦੀ ਅਗਵਾਈ ਕਰਨਗੇ, ਤਾਂ ਜੋ ਕੰਪਨੀ ਨੂੰ ਭਵਿੱਖ 'ਚ ਵਾਧੇ ਲਈ ਮਜ਼ਬੂਤੀ ਮਿਲ ਸਕੇ।'
ਪ੍ਰਧਾਨ ਅਤੇ ਸੀ.ਓ.ਓ. ਦੀ ਆਪਣੀ ਮੌਜੂਦਾ ਜ਼ਿੰਮੇਵਾਰੀ ਵਿੱਚ, ਮਾਲਵੀਆ ਅਮਰੀਕਾ ਵਿੱਚ ਸਪਲਾਈ ਲੜੀ ਤੋਂ ਲੈ ਕੇ ਤਕਨਾਲੋਜੀ, ਡੇਟਾ ਅਤੇ ਗਾਹਕ ਸੇਵਾਵਾਂ ਤੱਕ ਸਾਰੇ ਪ੍ਰਕਾਸ਼ਨ ਕਾਰਜਾਂ ਲਈ ਜ਼ਿੰਮੇਵਾਰ ਸੀ।