ਕਿਹਾ, ਭਾਰਤ ਦੇ ਕਦਮਾਂ ਨਾਲ ਸਰਹੱਦੀ ਸਵਾਲ ‘ਹੋਰ ਗੁੰਝਲਦਾਰ’ ਹੋਵੇਗਾ
ਬੀਜਿੰਗ: ਚੀਨ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੇ ਹਫਤੇ ਅਰੁਣਾਚਲ ਪ੍ਰਦੇਸ਼ ਦੋਰੇ ਨੂੰ ਲੈ ਕੇ ਭਾਰਤ ਕੋਲ ਕੂਟਨੀਤਕ ਵਿਰੋਧ ਦਰਜ ਕਰਵਾਇਆ ਹੈ ਅਤੇ ਇਸ ਖੇਤਰ ’ਤੇ ਅਪਣਾ ਦਾਅਵਾ ਦੁਹਰਾਉਂਦਿਆਂ ਕਿਹਾ ਕਿ ਭਾਰਤ ਦੇ ਕਦਮਾਂ ਨਾਲ ਸਰਹੱਦੀ ਸਵਾਲ ‘ਹੋਰ ਗੁੰਝਲਦਾਰ’ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਸਨਿਚਰਵਾਰ ਨੂੰ ਅਰੁਣਾਚਲ ਪ੍ਰਦੇਸ਼ ’ਚ 13,000 ਫੁੱਟ ਦੀ ਉਚਾਈ ’ਤੇ ਬਣੀ ਸੇਲਾ ਸੁਰੰਗ ਰਾਸ਼ਟਰ ਨੂੰ ਸਮਰਪਿਤ ਕੀਤੀ ਜੋ ਰਣਨੀਤਕ ਤੌਰ ’ਤੇ ਮਹੱਤਵਪੂਰਨ ਤਵਾਂਗ ਨੂੰ ਹਰ ਮੌਸਮ ’ਚ ਸੰਪਰਕ ਪ੍ਰਦਾਨ ਕਰੇਗੀ ਅਤੇ ਸਰਹੱਦੀ ਖੇਤਰ ’ਚ ਫ਼ੌਜੀਆਂ ਦੀ ਬਿਹਤਰ ਆਵਾਜਾਈ ਨੂੰ ਯਕੀਨੀ ਬਣਾਉਣ ਦੀ ਉਮੀਦ ਹੈ।
ਅਸਾਮ ਦੇ ਤੇਜਪੁਰ ਨੂੰ ਅਰੁਣਾਚਲ ਪ੍ਰਦੇਸ਼ ਦੇ ਪਛਮੀ ਕਾਮੇਂਗ ਜ਼ਿਲ੍ਹੇ ਨਾਲ ਜੋੜਨ ਵਾਲੀ ਸੜਕ ’ਤੇ 825 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਇਸ ਸੁਰੰਗ ਨੂੰ ਇੰਨੀ ਉਚਾਈ ’ਤੇ ਦੁਨੀਆਂ ਦੀ ਸੱਭ ਤੋਂ ਲੰਬੀ ਦੋ-ਮਾਰਗੀ ਸੜਕ ਸੁਰੰਗ ਮੰਨਿਆ ਜਾ ਰਿਹਾ ਹੈ। ਫੌਜੀ ਅਧਿਕਾਰੀਆਂ ਮੁਤਾਬਕ ਸੇਲਾ ਸੁਰੰਗ ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਦੇ ਨਾਲ ਲਗਦੇ ਵੱਖ-ਵੱਖ ਅਗਾਂਹਵਧੂ ਸਥਾਨਾਂ ’ਤੇ ਫ਼ੌਜੀਆਂ ਅਤੇ ਹਥਿਆਰਾਂ ਦੀ ਬਿਹਤਰ ਆਵਾਜਾਈ ਪ੍ਰਦਾਨ ਕਰੇਗੀ। ਚੀਨ, ਜੋ ਅਰੁਣਾਚਲ ਪ੍ਰਦੇਸ਼ ਨੂੰ ਦਖਣੀ ਤਿੱਬਤ ਹੋਣ ਦਾ ਦਾਅਵਾ ਕਰਦਾ ਹੈ, ਅਪਣੇ ਦਾਅਵਿਆਂ ਨੂੰ ਉਜਾਗਰ ਕਰਨ ਲਈ ਭਾਰਤੀ ਨੇਤਾਵਾਂ ਦੇ ਸੂਬੇ ਦੇ ਦੌਰੇ ’ਤੇ ਨਿਯਮਤ ਤੌਰ ’ਤੇ ਇਤਰਾਜ਼ ਕਰਦਾ ਹੈ। ਬੀਜਿੰਗ ਨੇ ਇਸ ਇਲਾਕੇ ਦਾ ਨਾਮ ਵੀ ਜ਼ੈਂਗਨਾਨ ਰੱਖਿਆ ਹੈ।
ਭਾਰਤ ਨੇ ਅਰੁਣਾਚਲ ਪ੍ਰਦੇਸ਼ ’ਤੇ ਚੀਨ ਦੇ ਦਾਅਵਿਆਂ ਨੂੰ ਵਾਰ-ਵਾਰ ਰੱਦ ਕੀਤਾ ਹੈ ਅਤੇ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਦੇਸ਼ ਦਾ ਅਨਿੱਖੜਵਾਂ ਅੰਗ ਹੈ। ਨਵੀਂ ਦਿੱਲੀ ਨੇ ਇਸ ਇਲਾਕੇ ਨੂੰ ‘ਮਨਘੜ੍ਹਤ’ ਨਾਮ ਦੇਣ ਦੇ ਬੀਜਿੰਗ ਦੇ ਕਦਮ ਨੂੰ ਵੀ ਖਾਰਜ ਕਰ ਦਿਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਅਸਲੀਅਤ ਨਹੀਂ ਬਦਲੀ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਸੋਮਵਾਰ ਨੂੰ ਮੀਡੀਆ ਬ੍ਰੀਫਿੰਗ ਦੌਰਾਨ ਮੋਦੀ ਦੀ ਅਰੁਣਾਚਲ ਪ੍ਰਦੇਸ਼ ਯਾਤਰਾ ਬਾਰੇ ਪੁੱਛੇ ਜਾਣ ’ਤੇ ਕਿਹਾ, ‘‘ਜ਼ਾਂਗਨਾਨ ਖੇਤਰ ਚੀਨੀ ਖੇਤਰ ਹੈ।’’ ਉਨ੍ਹਾਂ ਕਿਹਾ, ‘‘ਚੀਨ ਨੇ ਕਦੇ ਵੀ ਭਾਰਤ ਵਲੋਂ ਗੈਰ-ਕਾਨੂੰਨੀ ਤਰੀਕੇ ਨਾਲ ਸਥਾਪਤ ਕੀਤੇ ਗਏ ਅਖੌਤੀ ਅਰੁਣਾਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿਤੀ ਅਤੇ ਇਸ ਦਾ ਸਖਤ ਵਿਰੋਧ ਕੀਤਾ ਹੈ।’’
ਚੀਨ-ਭਾਰਤ ਸਰਹੱਦ ਦਾ ਸਵਾਲ ਅਜੇ ਹੱਲ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਚੀਨ ਦੇ ਜ਼ਾਂਗਨਾਨ ਖੇਤਰ ਨੂੰ ਮਨਮਰਜ਼ੀ ਨਾਲ ਵਿਕਸਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਵਾਂਗ ਨੇ ਕਿਹਾ, ‘‘ਭਾਰਤ ਦੇ ਸਬੰਧਿਤ ਕਦਮ ਸਰਹੱਦੀ ਪ੍ਰਸ਼ਨ ਨੂੰ ਹੋਰ ਗੁੰਝਲਦਾਰ ਬਣਾਉਂਦੇ ਹਨ। ਚੀਨ ਚੀਨ-ਭਾਰਤ ਸਰਹੱਦ ਦੇ ਪੂਰਬੀ ਹਿੱਸੇ ਦੇ ਨੇਤਾ ਦੇ ਦੌਰੇ ਤੋਂ ਪੂਰੀ ਤਰ੍ਹਾਂ ਅਸੰਤੁਸ਼ਟ ਅਤੇ ਸਖਤ ਵਿਰੋਧ ਕਰਦਾ ਹੈ। ਅਸੀਂ ਭਾਰਤ ਨੂੰ ਗੰਭੀਰ ਰੂਪ ’ਚ ਬੇਨਤੀ ਕੀਤੀ ਹੈ।’’