
ਇਕ ਸਰਵੇ ਵਿਚ ਪਤਾ ਲੱਗਿਆ ਹੈ ਕਿ ਭਲੇ ਹੀ ਸਿੱਖ ਧਰਮ ਵਿਚ ਸ਼ਰਾਬ ਪੀਣ ਦੀ ਮਨਾਈ ਹੈ ਪਰ ਇਸ ਦੇ ਬਾਵਜੂਦ ਇੰਗਲੈਂਡ ਦੇ 27 ਫ਼ੀਸਦੀ ਸਿੱਖ ਪਰਵਾਰਾਂ
ਲੰਡਨ, 11 ਮਈ : ਇਕ ਸਰਵੇ ਵਿਚ ਪਤਾ ਲੱਗਿਆ ਹੈ ਕਿ ਭਲੇ ਹੀ ਸਿੱਖ ਧਰਮ ਵਿਚ ਸ਼ਰਾਬ ਪੀਣ ਦੀ ਮਨਾਈ ਹੈ ਪਰ ਇਸ ਦੇ ਬਾਵਜੂਦ ਇੰਗਲੈਂਡ ਦੇ 27 ਫ਼ੀਸਦੀ ਸਿੱਖ ਪਰਵਾਰਾਂ ਦਾ ਕੋਈ ਨਾ ਕੋਈ ਮੈਂਬਰ ਸ਼ਰਾਬ ਦੇ ਨਸ਼ੇ ਦਾ ਸੇਵਨ ਕਰਦਾ ਹੈ। ਇਸ ਸਰਵੇ ਦੇ ਸਾਹਮਣੇ ਆਉਣ ਤੋਂ ਬਾਅਦ ਇੰਗਲੈਂਡ ਵਿਚ ਘੱਟ ਗਿਣਤੀ ਭਾਈਚਾਰਿਆਂ ਦੇ ਨਸ਼ਾ ਛੁਡਾਊ ਸੇਵਾ ਕੇਂਦਰਾਂ ਕੋਲ ਪਹੁੰਚ ਕਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਉਧਰ ਇਨ੍ਹਾਂ ਕੇਂਦਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਤਕ ਪਹੁੰਚ ਕਰਨ ਵਾਲਿਆਂ ਵਿਚ ਪੀੜਤ ਅਤੇ ਵਲੰਟੀਅਰ ਦੋਵੇਂ ਕਿਸਮ ਦੇ ਲੋਕ ਸ਼ਾਮਲ ਹਨ ਜੋ ਉਨ੍ਹਾਂ ਨੂੰ ਆ ਕੇ ਮਿਲ ਰਹੇ ਹਨ। ਨੋਟਿੰਘਮ ਦੇ ਬੈਕ-ਇਨ (Bac-In) ਦੀ ਵੈਬਸਾਈਟ 'ਤੇ ਆਉਣ ਵਾਲਿਆਂ ਦੀ ਗਿਣਤੀ ਵਿਚ ਛੇ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਇਹ ਵੈਬਸਾਈਟ ਵੀ ਨਸ਼ਾ ਛੁਡਾਉਣ ਸਬੰਧੀ ਸਹਾਇਤ ਮੁਹਈਆ ਕਰਵਾਉਂਦੀ ਹੈ। ਇਸੇ ਤਰ੍ਹਾਂ ਹੋਰ ਗਰੁੱਪ ਫਰਸਟ ਸਟੈਪ ਫਾਊਂਡੇਸ਼ਨ ਅਤੇ ਸ਼ਾਂਤੀ ਪ੍ਰੋਜੈਕਟ ਨੇ ਵੀ ਰੁਝਾਨ ਵਿਚ ਇਸੇ ਕਿਸਮ ਦਾ ਵਾਧਾ ਦੇਖਿਆ ਹੈ। ਇਹ ਸਰਵੇ ਬੀਬੀਸੀ ਵਲੋਂ ਕੀਤਾ ਗਿਆ, ਜਿਸ ਤੋਂ ਬਾਅਦ ਇਸ ਮੁੱਦੇ 'ਤੇ ਇਕ ਬਹਿਸ ਛਿੜ ਗਈ ਹੈ।ਬੈਕ ਇਨ ਦੇ ਸੋਹਨ ਸਹੋਤਾ ਦਾ ਕਹਿਣਾ ਹੈ ਕਿ ਔਸਤਨ 7 ਮਹੀਨੇ ਦੇ ਅੰਦਰ ਕਰੀਬ 2 ਹਜ਼ਾਰ ਲੋਕ ਵੈਬਸਾਈਟ 'ਤੇ ਆਉਂਦੇ ਹਨ ਪਰ ਇਸ ਸਰਵੇ ਸਬੰਧੀ ਲੇਖ ਪ੍ਰਕਾਸ਼ਿਤ ਹੋਣ ਮਗਰੋਂ 11,5000 ਤੋਂ ਵੱਧ ਲੋਕਾਂ ਨੇ ਵੈਬਸਾਈਟ 'ਤੇ ਵਿਜ਼ਟ ਕੀਤਾ ਹੈ। ਜੈਜ਼ ਰਾਏ, ਫਰਸਟ ਸਟੈਪ ਫਾਊਂਡੇਸ਼ਨ ਦੇ ਨਿਰਦੇਸ਼ਕ ਹਨ। ਉਨ੍ਹਾਂ ਦੀ ਸੰਸਥਾ ਸਾਰੇ ਇੰਗਲੈਂਡ ਵਿਚ ਪੰਜਾਬੀਆਂ ਨਾਲ ਕੰਮ ਕਰਦੀ ਹੈ।
Alcohlic Sikh in London
ਜੈਜ਼ ਨੇ ਦਸਿਆ ਕਿ ਉਨ੍ਹਾਂ ਦੀ ਸੰਸਥਾ ਨੇ ਆਪਣੇ ਹਫ਼ਤਾਵਾਰੀ ਸਹਾਇਤਾ ਗਰੁੱਪ ਦਾ ਆਕਾਰ ਵਧਾ ਕੇ ਦੁੱਗਣਾ ਕਰ ਦਿਤਾ ਹੈ। ਹੁਣ ਉਹ ਵਧਦੀ ਹੋਈ ਮੰਗ ਨੂੰ ਪੂਰਾ ਕਰਨ ਲਈ ਸਿਰਫ਼ ਔਰਤਾਂ ਲਈ ਇਕ ਮੀਟਿੰਗ ਕਰਨ ਦੀ ਯੋਜਨਾ ਬਣਾ ਰਹੇ ਹਨ। ਇਹ ਨਸ਼ਾ ਛੱਡਣ ਵੱਲ ਪ੍ਰੇਰਿਤ ਹੋ ਰਹੇ ਪੰਜਾਬੀਆਂ ਦੀ ਗਿਣਤੀ ਵਿਚ ਹੋਏ ਵਾਧੇ ਕਾਰਨ ਕੀਤਾ ਜਾ ਰਿਹਾ ਹੈ। ਪੰਜਾਬੀ ਭਾਈਚਾਰੇ ਨੂੰ ਸਭਿਆਚਾਰਕ ਪੱਖ ਤੋਂ ਢੁਕਵੀਂ ਮਦਦ ਮੁਹੱਈਆ ਕਰਵਾਉਣ ਵਾਲੇ ਸ਼ਾਂਤੀ ਪ੍ਰੋਜੈਕਟ ਨੇ ਵੀ ਅਜਿਹਾ ਹੀ ਵਾਧਾ ਦਰਜ ਕੀਤਾ ਹੈ। ਦੋ ਬੱਚਿਆਂ ਦੀ ਮਾਂ ਕਮਲਾ (ਬਦਲਿਆ ਨਾਮ) ਨੇ ਕਿਹਾ ਕਿ ਉਸ ਦਾ ਪਤੀ ਸ਼ਰਾਬੀ ਹੈ ਅਤੇ ਉਹ ਉਸ ਨੂੰ ਭਾਵੁਕ ਤੌਰ 'ਤੇ ਪ੍ਰੇਸ਼ਾਨ ਕਰਦਾ ਸੀ। ਉਸ ਦਾ ਪਤੀ ਉਸ ਨੂੰ ਕਹਿੰਦਾ ਰਹਿੰਦਾ ਹੈ ਕਿ ਉਹ ਪਾਗਲ ਹੋ ਰਹੀ ਹੈ। ਉਹ ਪਲੰਬਰ ਦੀ ਆਪਣੀ ਨੌਕਰੀ ਗੁਆ ਲੈਣ ਮਗਰੋਂ ਟੀਨਾ ਦੇ ਨਾਂ 'ਤੇ ਸ਼ਰਾਬ ਪੀਣ ਲਈ ਕਰਜ਼ਾ ਲੈਂਦਾ ਰਹਿੰਦਾ ਸੀ। ਉਸ ਨੇ ਇਹ ਵੀ ਕਿਹਾ ਕਿ ਏਸ਼ੀਆਈ ਪਰਿਵਾਰਾਂ ਵਿਚ ਕਾਫ਼ੀ ਕੁੱਝ ਹੁੰਦਾ ਰਹਿੰਦਾ ਹੈ, ਜਿਸ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਪਰ ਮੇਰਾ ਮੰਨਣਾ ਹੈ ਕਿ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਜਾਣੀ ਚਾਹੀਦੀ ਹੈ। ਇਸ ਮੁੱਦੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹਿਸ ਸ਼ੁਰੂ ਹੋ ਗਈ ਹੈ। ਇਸ ਬਹਿਸ ਵਿਚ ਸਿੱਖ ਸਾਂਸਦ, ਸਹਾਇਤਾ ਸੇਵਾ ਦੇਣ ਵਾਲੇ ਅਤੇ ਇਸ ਮੁੱਦੇ ਨਾਲ ਸਿੱਧੇ ਤੌਰ 'ਤੇ ਪ੍ਰਭਾਵਤ ਲੋਕ ਸ਼ਾਮਲ ਹੋ ਰਹੇ ਹਨ।