
Ceasefire between India and Pakistan : ਕਿਹਾ, ਕਸ਼ਮੀਰ ਮੁੱਦੇ ਦਾ ਹੱਲ ਲੱਭਣ ਦੀ ਕਰਾਂਗੇ ਕੋਸ਼ਿਸ਼
Trump made new claim after ceasefire between India and Pakistan Latest News in Punjabi : ਵਾਸ਼ਿੰਗਟਨ : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਤੇ ਪੀਓਕੇ ਵਿਚ ਸਥਿਤ 9 ਅਤਿਵਾਦੀ ਟਿਕਾਣਿਆਂ 'ਤੇ ਹਵਾਈ ਹਮਲੇ ਕਰ ਕੇ ਜਵਾਬੀ ਕਾਰਵਾਈ ਕੀਤੀ। ਇਸ ਕਾਰਵਾਈ ਨੂੰ ਭਾਰਤੀ ਫ਼ੌਜ ਨੇ 'ਆਪਰੇਸ਼ਨ ਸੰਧੂਰ' ਦਾ ਨਾਮ ਦਿਤਾ ਸੀ।
ਭਾਰਤ ਦੀ ਇਸ ਕਾਰਵਾਈ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਯੁੱਧ ਵਰਗੇ ਹਾਲਾਤ ਬਣੇ ਹੋਏ ਹਨ। ਭਾਰਤੀ ਫ਼ੌਜ ਪਾਕਿਸਤਾਨ ਦੀ ਫ਼ੌਜੀ ਕਾਰਵਾਈ ਦਾ ਢੁਕਵਾਂ ਜਵਾਬ ਦੇ ਰਹੀ ਹੈ।
ਦੂਜੇ ਪਾਸੇ, ਇਸ ਤਣਾਅਪੂਰਨ ਮਾਹੌਲ ਵਿਚ ਬੀਤੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵੀਟ ਆਇਆ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਤੁਰਤ ਪ੍ਰਭਾਵ ਨਾਲ ਜੰਗਬੰਦੀ ਲਈ ਸਹਿਮਤ ਹੋ ਗਏ ਹਨ।
ਸਨਿਚਰਵਾਰ ਨੂੰ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ, ਕੁਝ ਘੰਟਿਆਂ ਬਾਅਦ ਹੀ, ਪਾਕਿਸਤਾਨ ਵਲੋਂ ਦੁਬਾਰਾ ਡਰੋਨ ਭੇਜੇ ਗਏ ਅਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਪਰ, ਕੁੱਝ ਸਮੇਂ ਬਾਅਦ ਹੀ ਸਥਿਤੀ ਫਿਰ ਆਮ ਵਾਂਗ ਹੋ ਗਈ।
ਮੰਨਿਆ ਜਾਂਦਾ ਹੈ ਕਿ ਟਰੰਪ ਨੇ ਦੋਵਾਂ ਦੇਸ਼ਾਂ ਵਿਚਕਾਰ ਸਮਝੌਤਾ ਕਰਵਾਉਣ ਵਿਚ ਮੁੱਖ ਭੂਮਿਕਾ ਨਿਭਾਈ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਸੀ ਕਿ ਉਨ੍ਹਾਂ ਅਤੇ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਰਾਤ ਭਰ ਭਾਰਤ ਅਤੇ ਪਾਕਿਸਤਾਨ ਦੇ ਚੋਟੀ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ ਅਤੇ ਫਿਰ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਗੱਲਬਾਤ ਕੀਤੀ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਸਮਝੌਤਾ ਹੋਇਆ।
ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਸਵੇਰ ਨੂੰ ਇਕ ਹੋਰ ਪੋਸਟ ਪਾਈ ਹੈ, ਜਿਸ ਵਿਚ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਦੋਵਾਂ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਭਾਰਤ ਅਤੇ ਪਾਕਿਸਤਾਨ ਦੋਵਾਂ ਦੀ ਮਜ਼ਬੂਤ ਅਤੇ ਦ੍ਰਿੜ ਲੀਡਰਸ਼ਿਪ 'ਤੇ ਬਹੁਤ ਮਾਣ ਹੈ।
ਉਨ੍ਹਾਂ ਪੋਸਟ ਟਰੂਥ ਸੋਸ਼ਲ ਪੋਸਟ ਵਿਚ ਲਿਖਿਆ ਕਿ ‘ਮੈਨੂੰ ਮਾਣ ਹੈ ਕਿ ਸੰਯੁਕਤ ਰਾਜ ਅਮਰੀਕਾ ਇਸ ਇਤਿਹਾਸਕ ਅਤੇ ਬਹਾਦਰੀ ਭਰੇ ਫ਼ੈਸਲੇ ਤਕ ਪਹੁੰਚਣ ਵਿਚ ਤੁਹਾਡੀ ਮਦਦ ਕਰਨ ਦੇ ਯੋਗ ਸੀ। ਹਾਲਾਂਕਿ ਇਸ 'ਤੇ ਚਰਚਾ ਵੀ ਨਹੀਂ ਕੀਤੀ ਗਈ ਹੈ, ਮੈਂ ਇਨ੍ਹਾਂ ਦੋਵਾਂ ਮਹਾਨ ਦੇਸ਼ਾਂ ਨਾਲ ਵਪਾਰ ਨੂੰ ਕਾਫ਼ੀ ਹੱਦ ਤਕ ਵਧਾਉਣ ਜਾ ਰਿਹਾ ਹਾਂ।’ ਉਨ੍ਹਾਂ ਕਿਹਾ, ‘ਇਸ ਤੋਂ ਇਲਾਵਾ, ਮੈਂ ਤੁਹਾਡੇ ਦੋਵਾਂ ਨਾਲ ਮਿਲ ਕੇ ਇਹ ਦੇਖਣ ਲਈ ਕੰਮ ਕਰਾਂਗਾ ਕਿ ਕੀ ਇੰਨੇ ਸਾਲਾਂ ਬਾਅਦ ਕਸ਼ਮੀਰ ਦੇ ਸਬੰਧ ਵਿਚ ਕੋਈ ਹੱਲ ਲੱਭਿਆ ਜਾ ਸਕਦਾ ਹੈ। ਅਸੀਂ ਭਾਰਤ ਅਤੇ ਪਾਕਿਸਤਾਨ ਦੋਵਾਂ ਨਾਲ ਵਪਾਰ ਵਧਾਵਾਂਗੇ।'
ਟਰੰਪ ਨੇ ਪੋਸਟ ਵਿਚ ਅੱਗੇ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਦੋਵਾਂ ਨਾਲ ਵਪਾਰ ਵਧਾਉਣਗੇ। ਉਨ੍ਹਾਂ ਕਿਹਾ, ‘ਮੈਂ ਭਾਰਤ ਅਤੇ ਪਾਕਿਸਤਾਨ ਨਾਲ ਮਿਲ ਕੇ ਕੰਮ ਕਰਾਂਗਾ ਕਿ ਕੀ 'ਹਜ਼ਾਰ ਸਾਲਾਂ' ਬਾਅਦ ਕਸ਼ਮੀਰ ਦੇ ਸਬੰਧ ਵਿਚ ਕੋਈ ਹੱਲ ਲੱਭਿਆ ਜਾ ਸਕਦਾ ਹੈ।’