
ਟਰੰਪ ਵਲੋਂ ਸਾਂਝਾ ਐਲਾਨਨਾਮਾ ਰੱਦ, ਮੇਜ਼ਬਾਨ ਕੈਨੇਡਾ ਵਿਰੁਧ ਅਪਮਾਨਜਨਕ ਟਿਪਣੀਆਂ
ਕਿਊਬੇਕ ਸਿਟੀ, 10 ਜੂਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆਂ ਦੀਆਂ ਮੋਹਰੀ ਅਰਥਵਿਵਸਥਾਵਾਂ ਦੇ ਸਮੂਹ ਜੀ 7 ਦੇ ਸੰਮੇਲਨ ਮਗਰੋਂ ਸਾਂਝੇ ਐਲਾਨ ਨਾਮੇ ਨੂੰ ਕੁੱਝ ਹੀ ਪਲਾਂ ਬਾਅਦ ਝਟਕੇ ਨਾਲ ਰੱਦ ਕਰ ਦਿਤਾ ਅਤੇ ਮੇਜ਼ਬਾਨ ਕੈਨੇਡਾ ਵਿਰੁਧ ਅਤਿ ਅਪਮਾਨਜਨਕ ਟਿਪਣੀਆਂ ਕੀਤੀਆਂ। ਇਸ ਘਟਨਾ ਨਾਲ ਇਹ ਸਿਖਰ ਸੰਮੇਲਨ ਮਜ਼ਾਕ ਬਣ ਕੇ ਰਹਿ ਗਿਆ ਅਤੇ ਵਿਸ਼ਵ ਵਪਾਰ ਯੁੱਧ ਦੇ ਨਵੇਂ ਖ਼ਦਸ਼ੇ ਪੈਦਾ ਹੋ ਗਏ।
Donald Trumpਕੈਨੇਡਾ ਦੇ ਕਿਊਬਕ ਸ਼ਹਿਰ ਵਿਚ ਸੰਮੇਲਨ ਦੇ ਅਮਰੀਕਾ ਸਮੇਤ ਸਾਰੇ ਮੈਂਬਰ ਦੇਸ਼ਾਂ ਦੀ ਸਹਿਮਤੀ ਨਾਲ ਤੈਅ ਹੋਇਆ ਸਾਂਝਾ ਬਿਆਨ ਜਾਰੀ ਕਰਨ ਦੇ ਕੁੱਝ ਹੀ ਦੇਰ ਮਗਰੋਂ ਟਰੰਪ ਨੇ ਅਪਣੇ ਵਿਸ਼ੇਸ਼ ਜਹਾਜ਼ ਏਅਰਫ਼ੋਰ ਵਨ ਵਿਚ ਬੈਠੇ-ਬੈਠੇ ਟਵਿਟਰ 'ਤੇ ਬਿਆਨਬਾਜ਼ੀ ਸ਼ੁਰੂ ਕਰ ਦਿਤੀ। ਟਰੰਪ ਇਸ ਬੈਠਕ ਵਿਚ ਹਿੱਸਾ ਲੈ ਕੇ ਸਵੇਰੇ ਹੀ ਕੈਨੇਡਾ ਤੋਂ ਰਵਾਨਾ ਹੋਏ ਸੀ। ਉਹ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਇਤਿਹਾਸਕ ਪਰਮਾਣੂ ਸੰਮੇਲਨ ਵਿਚ ਹਿੱਸਾ ਲੈਣ ਸਿੰਗਾਪੁਰ ਜਾ ਰਹੇ ਸਨ।
Justin Trudeauਟਰੰਪ ਨੇ ਟਵੀਟ ਕੀਤਾ, 'ਮੈਂ ਪੱਤਰਕਾਰ ਸੰਮੇਲਨ ਵਿਚ ਜਸਟਿਨ ਦੇ ਝੂਠੇ ਬਿਆਨ ਅਤੇ ਕੈਨੇਡਾ ਦੁਆਰਾ ਅਮਰੀਕੀ ਕਿਸਾਨਾਂ, ਮਜ਼ਦੂਰਾਂ ਅਤੇ ਕੰਪਨੀਆਂ 'ਤੇ ਲਾ ਰਹੇ ਭਾਰੀ ਟੈਕਸ ਨੂੰ ਵੇਖਦਿਆਂ ਅਪਣੇ ਪ੍ਰਤੀਨਿਧ ਨੂੰ ਕਿਹਾ ਕਿ ਉਹ ਸਾਂਝੇ ਬਿਆਨ ਦੀ ਪੁਸ਼ਟੀ ਨਾ ਕਰੇ ਕਿਉਂਕਿ ਅਸੀਂ ਅਮਰੀਕੀ ਬਾਜ਼ਾਰ ਵਿਚ ਭਾਰੀ ਗਿਣਤੀ ਵਿਚ ਆ ਰਹੇ ਵਾਹਨਾਂ 'ਤੇ ਟੈਕਸ ਲਾਉਣ ਬਾਰੇ ਵਿਚਾਰ ਕਰ ਰਹੇ ਹਾਂ।
Canadaਉਨ੍ਹਾਂ ਲਿਖਿਆ, 'ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੀ 7 ਬੈਠਕ ਵਿਚ ਉਲਝੇ ਹੋਣ ਦਾ ਨਾਟਕ ਕੀਤਾ ਤਾਕਿ ਉਹ ਉਥੋਂ ਮੇਰੇ ਚਲੇ ਜਾਣ ਮਗਰੋਂ ਪੱਤਰਕਾਰ ਸੰਮੇਲਨ ਵਿਚ ਬੋਲ ਸਕਣ ਅਤੇ ਕਹਿ ਸਕਣ ਕਿ ਉਨ੍ਹਾਂ ਨੂੰ ਕੋਈ ਨਹੀਂ ਧਮਕਾ ਸਕਦਾ, ਬਹੁਤ ਹੀ ਬੇਈਮਾਨ ਅਤੇ ਕਮਜ਼ੋਰ ਵਿਅਕਤੀ।' (ਏਜੰਸੀ)