
ਭਾਰਤ ਵੱਲੋਂ 59 ਚੀਨੀ ਐਪਸ ‘ਤੇ ਪਾਬੰਦੀ ਲਗਾਉਣ ਨਾਲ ਚੀਨੀ ਕੰਪਨੀਆਂ ਨੂੰ ਭਾਰੀ ਨੁਕਸਾਨ ਸਹਿਣਾ ਪੈ ਰਿਹਾ ਹੈ।
ਨਵੀਂ ਦਿੱਲੀ: ਭਾਰਤ-ਚੀਨ ਸੀਮਾ ਵਿਵਾਦ ਤੋਂ ਬਾਅਦ ਭਾਰਤ ਵੱਲੋਂ 59 ਚੀਨੀ ਐਪਸ ‘ਤੇ ਪਾਬੰਦੀ ਲਗਾਉਣ ਨਾਲ ਚੀਨੀ ਕੰਪਨੀਆਂ ਨੂੰ ਭਾਰੀ ਨੁਕਸਾਨ ਸਹਿਣਾ ਪੈ ਰਿਹਾ ਹੈ। ਨੁਕਸਾਨ ਦੇ ਚਲਦਿਆਂ ਟਿਕਟਾਕ ਦੀ ਪੇਰੈਂਟ ਕੰਪਨੀ ਬਾਈਟਡਾਂਸ ਅਪਣੇ ਹੈੱਡਕੁਆਟਰ ਨੂੰ ਚੀਨ ਤੋਂ ਬਾਹਰ ਸ਼ਿਫਟ ਕਰਨ ਦੀ ਯੋਜਨਾ ਬਣਾ ਰਹੀ ਹੈ। ਦੱਸ ਦਈਏ ਕਿ ਟਿਕਟਾਕ ਦੇ ਕੁੱਲ ਯੂਜ਼ਰਸ ਵਿਚੋਂ 30 ਫੀਸਦੀ ਯੂਜ਼ਰ ਭਾਰਤ ਵਿਚ ਹੀ ਹਨ। ਭਾਰਤ ਵਿਚ ਇਸ ਐਪ ਦੇ ਕਰੀਬ 60 ਕਰੋੜ ਤੋਂ ਜ਼ਿਆਦਾ ਡਾਊਨਲੋਡ ਹਨ।
TikTok
ਬੀਤੇ ਸਾਲ ਬਾਈਟਡਾਂਸ ਕੰਪਨੀ ਨੇ ਭਾਰਤ ਵਿਚ ਵੱਡੇ ਪੱਧਰ ‘ਤੇ ਫੈਲਾਅ ਦੀ ਯੋਜਨਾ ਦੇ ਤਹਿਤ ਕਈ ਸੀਨੀਅਰ ਅਹੁਦਿਆਂ ‘ਤੇ ਨਿਯੁਕਤੀਆਂ ਕੀਤੀਆਂ ਸੀ। ਕੰਪਨੀ ਭਾਰਤ ਨੂੰ ਆਪਣੇ ਲਈ ਇਕ ਚੋਟੀ ਦੇ ਵਿਕਾਸ ਵਾਲੇ ਦੇਸ਼ ਵਜੋਂ ਦੇਖ ਰਹੀ ਸੀ, ਪਰ ਬੈਨ ਤੋਂ ਬਾਅਦ ਹੋ ਰਹੇ ਨੁਕਸਾਨ ਦੀ ਭਰਪਾਈ ਕਰਨ ਲਈ ਬਾਈਟਡਾਂਸ ਕੰਪਨੀ ਪੂਨਰਗਠਨ ਕਰਨ ਦਾ ਵਿਚਾਰ ਕਰ ਰਹੀ ਹੈ।
TikTok
ਇਕ ਮੀਡੀਆ ਰਿਪੋਰਟ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਭਾਰਤ ਵਿਚ ਬੈਨ ਤੋਂ ਬਾਅਦ ਹੁਣ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੇ ਵੀ ਸੰਯੁਕਤ ਰਾਜ ਅਮਰੀਕਾ ਵਿਚ ਇਸ ਐਪ ‘ਤੇ ਪਾਬੰਦੀ ਲਗਾਉਣ ਦੇ ਸੰਕੇਤ ਦਿੱਤੇ ਹਨ। ‘ਬਾਈਟਡਾਂਸ ਅਪਣੇ ਟਿਕਟਾਕ ਕਾਰੋਬਾਰ ਦੇ ਕਾਰਪੋਰੇਟ ਢਾਂਚੇ ਵਿਚ ਬਦਲਾਅ ਦਾ ਮੁਲਾਂਕਣ ਕਰ ਰਹੀ ਹੈ, ਕੰਪਨੀ ਵਾਪਸ ਉਸੇ ਸਟੇਜ ‘ਤੇ ਪਹੁੰਚਣ ਲਈ ਕੋਈ ਚੰਗਾ ਵਿਕਲਪ ਕੱਢਣ ‘ਤੇ ਵਿਚਾਰ ਕਰ ਰਹੀ ਹੈ’।
India-China
ਜ਼ਿਕਰਯੋਗ ਹੈ ਕਿ ਭਾਰਤ ਨੇ ਸੁਰੱਖਿਆ ਕਾਰਣਾਂ ਦਾ ਹਵਾਲਾ ਦਿੰਦੇ ਹੋਏ ਚੀਨ ਦੇ 59 ਐਪਸ ਨੂੰ ਬੈਨ ਕਰ ਦਿੱਤਾ ਸੀ। ਭਾਰਤ ਵੱਲੋਂ ਚੀਨ ਦੇ 59 ਐਪਸ ਬੈਨ ਕਰਨ ਨਾਲ ਚੀਨ ਦੀ ਇਕ ਹੀ ਕੰਪਨੀ ਨੂੰ 45 ਹਜ਼ਾਰ ਕਰੋੜ ਦੇ ਨੁਕਸਾਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਹ ਕੰਪਨੀ ਟਿਕ-ਟਾਕ ਅਤੇ ਹੇਲੋ ਦੀ ਮਦਰ ਕੰਪਨੀ ਹੈ।