
ਲੋਕਾਂ ਨੂੰ ਬਗ਼ੈਰ ਬਿਜਲੀ ਅਤੇ ਪਾਣੀ ਤੋਂ ਜਿਊਂਦਾ ਰਹਿਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ
War in Gaza : ਇਜ਼ਰਾਈਲ ਅਤੇ ਫ਼ਲਸਤੀਨ ਦੇ ਕੱਟੜਪੰਥੀ ਸੰਗਠਨ ਹਮਾਸ ਵਿਚਕਾਰ ਜਾਰੀ ਜੰਗ ਵਿਚਕਾਰ ਹਾਲਾਤ ਇਹ ਹਨ ਕਿ ਲੋਕ ਰੋਟੀ ਲੈਣ ਲਈ ਕਤਾਰਾਂ ’ਚ ਝਗੜ ਰਹੇ ਹਨ, ਖਾਰੇ ਪਾਣੀ ਦੀ ਇਕ-ਇਕ ਬਾਲਟੀ ਲੈਣ ਲਈ ਘੰਟਿਆਂ ਤਕ ਉਡੀਕ ਕਰ ਰਹੇ ਹਨ ਨਾਲ ਹੀ ਨੱਕੋ-ਨੱਕ ਭਰੇ ਕੈਂਪਾਂ ’ਚ ਖਾਜ, ਦਸਤ ਅਤੇ ਸਾਹ ਸਬੰਧੀ ਬਿਮਾਰੀਆਂ ਨਾਲ ਜੂਝ ਰਹੇ ਹਨ।
ਦੀਰ ਅਲ-ਬਲਾਹ ਸ਼ਹਿਰ ’ਚ ਸੰਯੁਕਤ ਰਾਸ਼ਟਰ ਦੇ ਇਕ ਕੈਂਪ ’ਚ ਰਾਹਤ ਕਾਰਜਾਂ ’ਚ ਲੱਗੀ ਇਕ ਔਰਤ ਅਤੇ ਪੰਜ ਬੱਚਿਆਂ ਦੀ ਮੌਤ ਸੁਜ਼ੈਨ ਵਾਹਿਦੀ ਨੇ ਕਿਹਾ, ‘‘ਮੇਰੇ ਬੱਚੇ ਭੁੱਖ ਨਾਲ ਰੋ ਰਹੇ ਹਨ ਅਤੇ ਥੱਕ ਚੁੱਕੇ ਹਨ। ਇਥੋਂ ਤਕ ਉਹ ਪਖਾਨੇ ਦਾ ਪ੍ਰਯੋਗ ਨਹੀਂ ਕਰ ਸਕਦੇ।’’ ਦੀਰ ਅਲ-ਬਲਾਹ ਕੈਂਪ ’ਚ ਸੈਂਕੜੇ ਲੋਕਾਂ ਨੂੰ ਇਕ ਹੀ ਪਖਾਨੇ ਦਾ ਪ੍ਰਯੋਗ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ, ‘‘ਮੇਰੇ ਕੋਲ ਉਨ੍ਹਾਂ ਲਈ ਕੁਝ ਨਹੀਂ ਹੈ।’’
ਇਜ਼ਰਾਈਲ-ਹਮਾਸ ਵਿਚਕਾਰ ਜੰਗ ਦੇ ਦੂਜੇ ਮਹੀਨੇ ’ਚ ਹੁਣ ਤਕ ਗਾਜ਼ਾ ’ਚ 10 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ ਨਾਲ ਹੀ ਇੱਥੇ ਫਸੇ ਲੋਕਾਂ ਨੂੰ ਬਗ਼ੈਰ ਬਿਜਲੀ ਅਤੇ ਪਾਣੀ ਤੋਂ ਜਿਊਂਦਾ ਰਹਿਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉੱਤਰੀ ਗਾਜ਼ਾ ’ਚ ਇਜ਼ਰਾਈਲ ਦੇ ਜ਼ਮੀਨੀ ਹਮਲੇ ਤੋਂ ਬਚ ਕੇ ਭੱਜਣ ’ਚ ਕਾਮਯਾਬ ਰਹੇ ਫ਼ਲਸਤੀਨੀ ਲੋਕਾਂ ਨੂੰ ਹੁਣ ਦਖਣੀ ਖੇਤਰ ’ਚ ਭੋਜਨ ਅਤੇ ਦਵਾਈ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਬਗ਼ੈਰ ਸੱਦੇ ਆਈ ਇਸ ਮੁਸੀਬਤ ਦਾ ਫ਼ਿਲਹਾਲ ਕੋਈ ਅੰਤ ਹੁੰਦਾ ਨਹੀਂ ਦਿਸ ਰਿਹਾ ਹੈ, ਜੋ ਹਮਾਸ ਦੇ ਇਜ਼ਰਾਈਲ ’ਤੇ ਸੱਤ ਅਕਤੂਬਰ ਨੂੰ ਹਮਲੇ ਤੋਂ ਬਾਅਦ ਤੋਂ ਸ਼ੁਰੂ ਹੋਈ ਹੈ।
ਮਰੀਜ਼ਾਂ ਨਾਲ ਭਰੇ ਹਸਪਤਾਲ, ਰਾਹਤ ਸਮੱਗਰੀ ਸਮੁੰਦਰ ’ਚ ਬੂੰਦ ਦੇ ਬਰਾਬਰ
ਪੰਜ ਲੱਖ ਤੋਂ ਜ਼ਿਆਦਾ ਲੋਕ ਦਖਣ ਦੇ ਹਸਪਤਾਲਾਂ ਅਤੇ ਸੰਯੁਕਤ ਰਾਸ਼ਟਰ ਦੇ ਸਕੂਲਾਂ ਤੋਂ ਕੈਂਪਾਂ ’ਚ ਤਬਦੀਲ ਹੋਈਆਂ ਇਮਾਰਤਾਂ ਨਾਲ ਖਚਾਖਚ ਭਰੇ ਹੋੲੈ ਹਨ। ਕੂੜੇ ਦੇ ਢੇਰ ਅਤੇ ਉਨ੍ਹਾਂ ’ਤੇ ਮੰਡਰਾਉਂਦੇ ਹੋਏ ਮੱਛਰ-ਮੱਖੀਆਂ ਨੇ ਇਨ੍ਹਾਂ ਸਕੂਲਾਂ ਨੂੰ ਲਾਗ ਦੀਆਂ ਬਿਮਾਰੀਆਂ ਦੀ ਥਾਂ ਬਣਾ ਦਿਤੀ ਹੈ। ਜੰਗ ਦੀ ਸ਼ੁਰੂਆਤ ਤੋਂ ਹੀ ਮਦਦ ਲਈ ਸੈਂਕੜੇ ਦੀ ਗਿਣਤੀ ’ਚ ਟਰੱਕਾਂ ਨੇ ਦਖਣੀ ਰਫ਼ਾ ਰਾਹੀਂ ਗਾਜ਼ਾ ’ਚ ਦਾਖ਼ਲਾ ਲਿਆ ਪਰ ਰਾਹਤ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਮਦਦ ਸਮੁੰਦਰ ’ਚ ਇਕ ਬੂੰਦ ਦੇ ਬਰਾਬਰ ਹੈ। ਰੋਟੀ ਅਤੇ ਪਾਣੀ ਦੀ ਤਲਾਸ਼ ’ਚ ਘੰਟਿਆਂ ਦੇ ਘੰਟੇ ਕਤਾਰਾਂ ’ਚ ਖੜੇ ਰਹਿਣਾ ਹੁਣ ਰੋਜ਼ਾਨਾ ਦਾ ਕੰਮ ਹੋ ਗਿਆ ਹੈ।
ਗਾਜ਼ਾ ਦਾ ਸਮਾਜਕ ਤਾਣਾ-ਬਾਣਾ ਤਹਿਸ-ਨਹਿਸ ਹੋ ਗਿਆ ਹੈ, ਜਿਸ ਨੇ ਦਹਾਕਿਆਂ ਤਕ ਸੰਘਰਸ਼ ਇਜ਼ਰਾਈਲ ਦੇ ਨਾਲ ਚਾਰ ਜੰਗ ਅਤੇ ਫ਼ਲਸਤੀਨੀ ਫ਼ੋਰਸਾਂ ਤੋਂ ਸੱਤਾ ਖੋਹਣ ਵਾਲੇ ਹਮਾਸ ਤੋਂ ਬਾਅਦ 16 ਸਾਲਾਂ ਤਕ ਪਾਬੰਦੀਆਂ ਨੂੰ ਝੱਲਿਆ ਹੈ। ਦਖਣੀ ਸ਼ਹਿਰ ਖਾਨ ਯੂਨੁਸ ’ਚ ‘ਨਾਰਵੇ ਰਿਫ਼ਿਊਜੀ ਕੌਂਸਲ’ ’ਚ ਰਾਹਤ ਕਾਰਜਾਂ ਨਾਲ ਜੁੜੇ ਸ਼ਖ਼ਸ ਯੂਸੁਫ਼ ਹਮਾਸ਼ ਨੇ ਕਿਹਾ, ‘‘ਤੁਸੀਂ ਜਿੱਥੇ ਵੀ ਜਾਵੋਗੇ ਤੁਹਾਨੂੰ ਸਿਰਫ਼ ਲੋਕਾਂ ਦੀਆਂ ਅੱਖਾਂ ’ਚ ਦਰਦ ਹੀ ਦਿਸੇਗਾ।’’ ਉਨ੍ਹਾਂ ਕਿਹਾ, ‘‘ਤੁਸੀਂ ਕਹਿ ਸਕਦੇ ਹੋ ਕਿ ਉਹ ਅਪਣੇ ਜੀਵਨ ਦੇ ਸਭ ਤੋਂ ਮੁਸ਼ਕਲ ਦੌਰ ਚੋਂ ਲੰਘ ਰਹੇ ਹਨ।’’
ਭੁੱਖ ਨਾਲ ਰਹੋ ਰਹੇ ਹਨ ਬੱਚੇ
ਸੂਪਰਮਾਰਕੇਟ ਵਰਗੀਆਂ ਵੱਡੀਆਂ ਦੁਕਾਨਾਂ ਲਗਭਗ ਖ਼ਾਲੀ ਹੋ ਚੁਕੀਆਂ ਹਨ। ਆਟਾ ਅਤੇ ਓਵਨ ਲਈ ਬਾਲਣ ਦੀ ਕਮੀ ਕਾਰਨ ਬੇਕਰੀ ਬੰਦ ਹੋ ਗਈ ਹੈ। ਗਾਜ਼ਾ ਦੇ ਖੇਤਾਂ ਤਕ ਪਹੁੰਚਣਾ ਲਗਭਗ ਅਸੰਭਵ ਹੋ ਗਿਆ ਹੈ ਅਤੇ ਪਿਆਜ਼ ਤੇ ਸੰਤਰੇ ਤੋਂ ਇਲਾਵਾ ਜ਼ਿਆਦਾਤਰ ਚੀਜ਼ਾਂ ਬਾਜ਼ਾਰਾਂ ਤੋਂ ਗ਼ਾਇਬ ਹਨ। ਬਹੁਤ ਸਾਰੇ ਪ੍ਰਵਾਰ ਸੜਕਾਂ ’ਤੇ ਅੱਗ ਬਾਲ ਕੇ ਦਾਲ ਪਕਾ ਰਹੇ ਹਨ। ਦਖਣੀ ਸ਼ਹਿਰ ਰਫ਼ਾ ਦੇ ਇਕ ਕੈਂਪ ’ਚ ਰਹਿ ਰਹੇ ਫ਼ੋਟੋਗ੍ਰਾਫ਼ਰ ਅਹਿਮਦ ਕੰਜ (28) ਨੇ ਕਿਹਾ, ‘‘ਰਾਤ ਸਮੇਂ ਤੁਸੀਂ ਬੱਚਿਆਂ ਨੂੰ ਮਠਿਆਈਆਂ ਅਤੇ ਗਰਮ ਖਾਣ ਲਈ ਰੋਂਦਿਆਂ ਸੁਣ ਸਕਦੇ ਹੋ। ਮੈਨੂੰ ਨੀਂਦ ਨਹੀਂ ਆਉਂਦੀ।’’
ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਸ, ਆਂਡੇ ਖਾਧੇ ਅਤੇ ਦੁੱਧ ਪੀਤੇ ਹਫ਼ਤਿਆਂ ਬੀਤ ਚੁੱਕੇ ਹਨ ਅਤੇ ਨੌਬਤ ਇਹ ਹੈ ਕਿ ਹੁਣ ਦਿਨ ’ਚ ਸਿਰਫ਼ ਇਕ ਵਾਰੀ ਖਾਣ ਨੂੰ ਹੀ ਮਿਲਦਾ ਹੈ। ਸੰਯੁਕਤ ਰਾਸ਼ਟਰ ਦੇ ਵਿਸ਼ਵ ਖੁਰਾਕ ਪ੍ਰੋਗਰਾਮ ਦੀ ਬੁਲਾਰਾ ਆਲੀਆ ਜ਼ਕੀ ਨੇ ਕਿਹਾ, ‘‘ਲੋਕਾ ’ਤੇ ਕੁਪੋਸ਼ਣ ਅਤੇ ਭੁੱਖ ਨਾਲ ਮਰਨ ਦਾ ਅਸਲ ਖ਼ਤਰਾ ਮੰਡਰਾ ਰਿਹਾ ਹੈ।’’ ਉਨ੍ਹਾਂ ਨੇ ਕਿਹਾ ਕਿ ਰਾਹਤ ਕਾਰਜਾਂ ਨਾਲ ਜੁੜੇ ਲੋਕ ਜਿਸ ‘ਭੋਜਨ ਅਸੁਰੱਖਿਆ’ ਦੀ ਗੱਲ ਕਰਦੇ ਹਨ, ਗਾਜ਼ਾ ਦੇ 23 ਲੱਖ ਲੋਕਾਂ ’ਤੇ ਉਸ ਦਾ ਖ਼ਤਰਾ ਮੰਡਰਾ ਰਿਹਾ ਹੈ।
ਗਾਜ਼ਾ ਸ਼ਹਿਰ ਤੋਂ ਭੱਜ ਕੇ ਦੀਰ ਅਲ ਬਲਾਹ ਆਉਣ ਵਾਲੀ 59 ਸਾਲਾਂ ਦੀ ਇਤਾਫ਼ ਜਾਮਲਾ ਨੇ ਕਿਹਾ, ‘‘ਮੈਂ ਅਪਣੇ ਪੁੱਤਰਾਂ ਨੂੰ ਬੇਕਰੀ ਭੇਜਿਆ ਸੀ ਅਤੇ ਅੱਠ ਘੰਟੇ ਬਾਅਦ ਉਹ ਸਰੀਰ ’ਤੇ ਸੱਟ ਦੇ ਨਿਸ਼ਾਨ ਲੈ ਕੇ ਪੁੱਜੇ। ਕਦੇ-ਕਦਾਈਂ ਤਾਂ ਖਾਣ ਲਈ ਬਰੈੱਡ ਤਕ ਨਹੀਂ ਮਿਲਦੀ।’’ ਇਤਾਫ਼, ਦੀਰ ਅਲ ਬਲਾਹ ਦੇ ਇਕ ਖਚਾਖਚ ਭਰੇ ਹਸਪਤਾਲ ’ਚ ਅਪਣੇ ਪਰਵਾਰ ਦੇ 15 ਜੀਆਂ ਨਾਲ ਰਹਿੰਦੀ ਹੈ। ਫ਼ਲਸਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ ਦੀ ਬੁਲਾਰਾ ਜੁਲੀਅਟ ਟੌਮਾ ਨੇ ਕਿਹਾ, ‘‘ਜਿਸ ਸਮਾਜਕ ਤਾਣੇ-ਬਾਣੇ ਲਈ ਗਾਜ਼ਾ ਮਸ਼ਹੂਰ ਸੀ ਉਹ ਅੱਜ ਚਿੰਤਾ ਅਤੇ ਅਨਿਸ਼ਚਿਤਤਾ ਕਾਰਨ ਟੁੱਟਣ ਕਿਨਾਰੇ ਪਹੁੰਚ ਗਿਆ ਹੈ।’’
(For more news apart from War in Gaza, stay tuned to Rozana Spokesman)