
ਕਾਨੂੰਨ ਤੋਂ ਬੱਚ ਕੇ ਭੱਜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਸੋਮਵਾਰ ਬ੍ਰਿਟੇਨ ਦੀ ਅਦਾਲਤ ਨੇ ਕਰਾਰਾ ਝਟਕਾ ਦਿੰਦਿਆਂ ਭਾਰਤ ਹਵਾਲੇ ਕਰਨ ਦੀ ਮਨਜ਼ੂਰੀ...
ਲੰਦਨ, 11 ਦਸੰਬਰ : ਕਾਨੂੰਨ ਤੋਂ ਬੱਚ ਕੇ ਭੱਜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਸੋਮਵਾਰ ਬ੍ਰਿਟੇਨ ਦੀ ਅਦਾਲਤ ਨੇ ਕਰਾਰਾ ਝਟਕਾ ਦਿੰਦਿਆਂ ਭਾਰਤ ਹਵਾਲੇ ਕਰਨ ਦੀ ਮਨਜ਼ੂਰੀ ਦੇ ਦਿਤੀ। ਇਸ ਸਮੇਂ ਬ੍ਰਿਟੇਨ ਵਿਚ ਰਹਿ ਰਹੇ 62 ਸਾਲਾ ਮਾਲਿਆ ਪਿਛਲੇ ਸਾਲ ਅਪ੍ਰੈਲ ਵਿਚ ਸਪੁਰਦਗੀ ਵਾਰੰਟ 'ਤੇ ਗ੍ਰਿਫ਼ਤਾਰੀ ਮਗਰੋਂ ਜ਼ਮਾਨਤ 'ਤੇ ਹਨ। ਉਨ੍ਹਾਂ 'ਤੇ ਭਾਰਤੀ ਬੈਂਕਾਂ ਦਾ 9,000 ਕਰੋੜ ਰੁਪਏ ਬਕਾਇਆ ਹੈ ਅਤੇ ਨਾਲ ਹੀ ਕਿੰਗਫ਼ਿਸ਼ਰ ਏਅਰਲਾਈਨਜ਼ ਲਈ ਬੈਂਕਾਂ ਤੋਂ ਕਰਜ਼ੇ ਵਿਚ ਹੇਰਾਫੇਰੀ ਅਤੇ ਮਨੀ ਲਾਂਡਰਿੰਗ ਦਾ ਵੀ ਦੋਸ਼ ਹੈ। ਜ਼ਿਕਰਯੋਗ ਹੈ ਕਿ ਇਹ ਏਅਰਲਾਈਨਜ਼ ਬੰਦ ਹੋ ਚੁੱਕੀ ਹੈ।
ਬ੍ਰਿਟੇਨ ਦੀ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਦੀ ਮੁੱਖ ਮੈਜਿਸਟਰੇਟ ਜੱਜ ਏਮਾ ਆਬੁਥਨਾਟ ਨੇ ਮਾਲਿਆ ਦੀ ਭਾਰਤ ਹਵਾਲਗੀ ਦੀ ਮਨਜ਼ੂਰੀ ਦੇ ਦਿਤੀ ਤਾਕਿ ਉਨ੍ਹਾਂ ਵਿਰੁਧ ਭਾਰਤੀ ਜਾਂਚ ਏਜੰਸੀਆਂ (ਸੀਬੀਆਈ) ਅਤੇ ਈ.ਡੀ. ਦੀ ਜਾਂਚ ਦੇ ਆਧਾਰ 'ਤੇ ਮੁਕੱਦਮਾ ਚਲਾਇਆ ਜਾ ਸਕੇ। ਇਸ ਤੋਂ ਬਿਨਾਂ ਅਦਾਲਤ ਨੇ ਇਸ ਗੱਲ ਦੀ ਵੀ ਸਖ਼ਤ ਨਿੰਦਾ ਕੀਤੀ ਕਿ ਇਹ ਕਰਜ਼ਾ ਕਿਸ ਤਰੀਕੇ ਨਾਲ ਦਿਤਾ ਗਿਆ ਅਤੇ ਇਸ ਦਾ ਪ੍ਰਯੋਗ ਕਿਸ ਤਰ੍ਹਾ ਹੋਇਆ। ਮਾਲਿਆ ਨੂੰ ਭਾਰਤ ਨੂੰ ਸੌਂਪਣ ਦੀ ਅਰਜ਼ੀ ਨੂੰ ਮਾਲਿਆ ਵਲੋਂ ਚੁਨੌਤੀ ਦਿਤੀ ਗਈ ਸੀ ਅਤੇ ਇਹ ਬਹੁ-ਚਰਚਿਤ ਮਾਮਲਾ ਉਥੇ ਕਰੀਬ ਇਕ ਸਾਲ ਚੱਲਿਆ।
ਮਾਲਿਆ ਨੇ ਦਲੀਲ ਦਿਤੀ ਸੀ ਕਿ ਉਨ੍ਹਾਂ ਨੇ ਬੈਂਕਾਂ ਨਾਲ ਕੋਈ ਹੇਰਾਫ਼ੇਰੀ ਜਾਂ ਚੋਰੀ ਨਹੀਂ ਕੀਤੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੀ ਭਾਰਤੀ ਬੈਂਕਾਂ ਨੂੰ ਮੂਲ ਰਾਸ਼ੀ ਵਾਪਸ ਕਰਨ ਦੀ ਪੇਸ਼ਕਸ਼ 'ਫ਼ਰਜ਼ੀ' ਨਹੀਂ ਹੈ। ਬਚਾਅ ਦਲ ਦੇ ਵਕੀਲ ਨੇ ਮਨੁੱਖੀ ਅਧਿਕਾਰਾਂ ਦੇ ਆਧਾਰ 'ਤੇ ਮਾਲਿਆ ਦੀ ਹਵਾਲਗੀ ਦੀ ਮਨਜ਼ੂਰੀ ਨਾ ਦੇਣ ਦੀ ਬੇਨਤੀ ਕਰਦਿਆਂ ਭਾਰਤ ਦੀਆਂ ਜੇਲਾਂ ਦੀ ਸÎਥਿਤੀ ਦਾ ਜ਼ਿਕਰ ਕੀਤਾ। ਇਸ 'ਤੇ ਜੱਜ ਨੇ ਕਿਹਾ ਕਿ ਮੁੰਬਈ ਦੀ ਆਰਥਰ ਰੋਡ ਜੇਲ ਦੇ ਬੈਰਕ 12 ਦੇ ਵੀਡੀਓ ਨਾਲ ਉਥੋਂ ਦੀ ਤਸਵੀਰ ਦਿਖਾਈ ਗਈ ਹੈ ਅਤੇ ਉਸ ਨੂੰ ਹਾਲ ਹੀ ਵਿਚ ਨਵੇਂ ਸਿਰੇ ਤੋਂ ਠੀਕ ਕਰਾਇਆ ਗਿਆ ਹੈ।
ਜੱਜ ਨੇ ਕਿਹਾ ਕਿ ਉਨ੍ਹਾਂ ਨੂੰ ਅਪਣੀ ਡਾਏਬਟੀਜ਼ ਅਤੇ ਸਿਹਤ ਸਮੱਸਿਆਵਾਂ ਲਈ ਮਾਹਰ ਡਾਕਟਰ ਦੀ ਸਹੂਲਤ ਮੁਹੱਈਆ ਕਰਵਾਈ ਜਾਏਗੀ। ਇਸ ਗੱਲ ਨੂੰ ਮੰਨਣ ਦਾ ਕੋਈ ਆਧਾਰ ਨਹੀਂ ਹੈ ਕਿ ਉਨ੍ਹਾਂ ਨੂੰ ਜੇਲ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਹੈ। ਅਦਾਲਤ ਨੇ ਮਾਲਿਆ ਦੀ ਸਪੁਰਦਗੀ ਦਾ ਮਾਮਲਾ ਗ੍ਰਹਿ ਮੰਤਰੀ ਸਾਜ਼ਿਦ ਜਾਵੇਦ ਨੂੰ ਭੇਜ ਦਿਤਾ ਹੈ ਜੋ ਇਸ ਫੈਸਲੇ ਦੇ ਆਧਾਰ 'ਤੇ ਹੁਕਮ ਦੇਣਗੇ। ਬਚਾਅ ਧਿਰ ਨੂੰ ਬ੍ਰਿਟੇਨ ਦੇ ਹਾਈ ਕੋਰਟ ਵਿਚ ਮੁੱਖ ਮੈਜਿਸਟਰੇਟ ਦੇ ਫੈਸਲੇ ਵਿਰੁਧ ਅਪੀਲ ਕਰਨ ਦੀ ਆਗਿਆ ਹੋਏਗੀ। ਪਿਛਲੇ ਸਾਲ ਅਪ੍ਰੈਲ 'ਚ ਗ੍ਰਿਫ਼ਤਾਰੀ ਮਗਰੋਂ ਮਾਲਿਆ ਜਮਾਨਤ 'ਤੇ ਹੈ । ਜੱਜ ਨੇ ਕਿਹਾ ਕਿ ਮਾਲਿਆ 'ਤੇ ਜਮਾਨਤ ਦੀਆਂ ਉਹੀ ਸ਼ਰਤਾਂ ਲਾਗੂ ਹੋਣਗੀਆਂ। (ਪੀਟੀਆਈ)