
ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਨੇ ਕੀਤੀ ਛਾਪੇਮਾਰੀ
ਲਾਹੌਰ - ਪਾਕਿਸਤਾਨ 'ਚ ਇਲੈਕਟ੍ਰਾਨਿਕ ਮੀਡੀਆ 'ਤੇ ਨਿਗਰਾਨੀ ਰੱਖਣ ਵਾਲੀ ਸੰਸਥਾ ਨੇ ਵੀਰਵਾਰ ਨੂੰ ਦੇਸ਼ ਦੇ ਟੀਵੀ ਚੈਨਲਾਂ 'ਤੇ ਭਾਰਤੀ ਸਮੱਗਰੀ ਪ੍ਰਸਾਰਿਤ ਕਰਨ ਵਾਲੇ ਕੇਬਲ ਆਪਰੇਟਰਾਂ 'ਤੇ ਕਾਰਵਾਈ ਸ਼ੁਰੂ ਕੀਤੀ ਹੈ।
ਨਿਗਰਾਨ ਸੰਸਥਾ ਨੇ ਇੱਕ ਬਿਆਨ 'ਚ ਕਿਹਾ ਕਿ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (PEMRA) ਨੇ ਭਾਰਤੀ ਸਮੱਗਰੀ ਨੂੰ ਪ੍ਰਸਾਰਿਤ ਕਰਨ ਲਈ ਚਾਰ ਕੇਬਲ ਆਪਰੇਟਰਾਂ 'ਤੇ ਛਾਪੇਮਾਰੀ ਕੀਤੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ਾਰਜਾਹ ਕੇਬਲ ਨੈੱਟਵਰਕ, ਕਰਾਚੀ ਕੇਬਲ ਸਰਵਿਸਿਜ਼, ਨਿਊ ਸੈਟੇਲਾਈਟ ਕਮਿਊਨੀਕੇਸ਼ਨ ਅਤੇ ਸਟਾਰ ਡਿਜੀਟਲ ਕੇਬਲ ਨੈੱਟਵਰਕ ਉੱਤੇ ਛਾਪੇਮਾਰੀ ਕੀਤੀ ਗਈ। ਇਸ ਵਿੱਚ ਕਿਹਾ ਗਿਆ ਹੈ ਕਿ ਛਾਪੇ ਦੌਰਾਨ ਸੰਸਥਾ ਨੇ ਗ਼ੈਰ-ਕਨੂੰਨੀ ਉਪਕਰਣ ਜ਼ਬਤ ਕੀਤੇ, ਅਤੇ ਉਲੰਘਣਾ ਕਰਨ ਵਾਲਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ।
ਉਕਤ ਸੰਸਥਾ ਨੇ 2016 ਵਿੱਚ ਸਥਾਨਕ ਟੈਲੀਵਿਜ਼ਨ ਅਤੇ ਐਫ਼.ਐੱਮ. ਰੇਡੀਓ ਚੈਨਲਾਂ 'ਤੇ ਭਾਰਤੀ ਸਮੱਗਰੀ ਪ੍ਰਸਾਰਿਤ ਕਰਨ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਸੀ।
ਹਾਲਾਂਕਿ, ਲਾਹੌਰ ਹਾਈ ਕੋਰਟ ਨੇ 2017 ਵਿੱਚ ਪਾਬੰਦੀ ਹਟਾ ਦਿੱਤੀ ਕਿਉਂਕਿ ਪਾਕਿਸਤਾਨ ਸਰਕਾਰ ਨੂੰ ਇਸ ਬਾਰੇ ਕੋਈ ਇਤਰਾਜ਼ ਨਹੀਂ ਸੀ।
2018 ਵਿੱਚ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਲਾਹੌਰ ਹਾਈ ਕੋਰਟ ਦੇ ਆਦੇਸ਼ ਨੂੰ ਪਲਟਦੇ ਹੋਏ ਦੇਸ਼ ਵਿੱਚ ਟੀਵੀ ਚੈਨਲਾਂ 'ਤੇ ਭਾਰਤੀ ਸਮੱਗਰੀ ਦੇ ਪ੍ਰਸਾਰਣ 'ਤੇ ਪਾਬੰਦੀ ਲਗਾ ਦਿੱਤੀ ਸੀ।