
ਪ੍ਰੋਗਰਾਮ ਨੂੰ ਸੰਬੋਧਨ ਕਰਨ ਵਾਲੀ ਪਹਿਲੀ ਮਹਿਲਾ ਬੁਲਾਰਾ ਚੇਤਨਾ ਗਾਲਾ ਸਿਨਹਾ ਛੇਵੇਂ ਸਥਾਨ ’ਤੇ ਆਏ
ਸੰਯੁਕਤ ਰਾਸ਼ਟਰ, 12 ਮਾਰਚ: ਔਰਤਾਂ ਅਤੇ ਲੜਕੀਆਂ ਲਈ ਬਰਾਬਰੀ ਨੂੰ ਉਤਸ਼ਾਹਤ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਸੰਸਥਾ ਦੀ ਸਾਲਾਨਾ ਕਾਨਫਰੰਸ ਦੀ ਸ਼ੁਰੂਆਤ ਪੰਜ ਮਰਦ ਬੁਲਾਰਿਆਂ ਦੇ ਭਾਸ਼ਣ ਨਾਲ ਹੋਈ। ਔਰਤਾਂ ਦੀ ਕਾਨਫਰੰਸ ’ਚ ਆਡੀਟੋਰੀਅਮ ’ਚ ਮੌਜੂਦ ਕੁੱਝ ਮਰਦ ਅਤੇ ਸੈਂਕੜੇ ਔਰਤਾਂ ਅਜਿਹੀ ਸਥਿਤੀ ਤੋਂ ਅਸਹਿਜ ਹੋ ਦਿਸੇ।
ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਮੁਖੀ ਅਤੇ ਆਖਰੀ ਮਰਦ ਬੁਲਾਰੇ ਅਚਿਮ ਸਟੀਨਰ ਨੇ ਕਿਹਾ, ‘‘ਮੈਂ ਪੂਰੀ ਤਰ੍ਹਾਂ ਜਾਣਦਾ ਹਾਂ ਕਿ ਮੈਂ ਇਸ ਮੰਚ ਤੋਂ ਤੁਹਾਨੂੰ ਸੰਬੋਧਨ ਕਰਨ ਵਾਲਾ ਇਕ ਹੋਰ ਮਰਦ ਬੁਲਾਰਾ ਹਾਂ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਸਾਹਮਣੇ ਦੋ ਬਦਲ ਸਨ ‘ਜਾਂ ਤਾਂ ਬੋਲਾਂ ਹੀ ਨਾ ਜਾਂ ਸਟੇਜ ’ਤੇ ਆਵਾਂ ਅਤੇ ਲਿੰਗ ਸਮਾਨਤਾ ਦਾ ਸਮਰਥਨ ਕਰਾਂ।’ ਸੰਯੁਕਤ ਰਾਸ਼ਟਰ ’ਚ ਕ੍ਰੋਏਸ਼ੀਆ ਦੇ ਰਾਜਦੂਤ ਇਵਾਨ ਸਿਮੋਨੋਵਿਕ ਇਸ ਫੋਰਮ ’ਚ ਸੰਯੁਕਤ ਰਾਸ਼ਟਰ ਆਰਥਕ ਅਤੇ ਸਮਾਜਕ ਪਰਿਸ਼ਦ ਦੀ ਨੁਮਾਇੰਦਗੀ ਕਰਨ ਵਾਲੇ ਤੀਜੇ ਮਰਦ ਬੁਲਾਰੇ ਸਨ।
ਉਨ੍ਹਾਂ ਨਿੱਜੀ ਕਾਰਨਾਂ ਕਰ ਕੇ ਕੌਂਸਲ ਦੀ ਮਹਿਲਾ ਪ੍ਰਧਾਨ ਦੀ ਗੈਰ ਹਾਜ਼ਰੀ ’ਤੇ ਅਫਸੋਸ ਜ਼ਾਹਰ ਕੀਤਾ। ਇਸ ਪ੍ਰੋਗਰਾਮ ਨੂੰ ਸੰਬੋਧਨ ਕਰਨ ਵਾਲੀ ਪਹਿਲੀ ਮਹਿਲਾ ਬੁਲਾਰਾ ਚੇਤਨਾ ਗਾਲਾ ਸਿਨਹਾ ਛੇਵੇਂ ਸਥਾਨ ’ਤੇ ਆਏ। ਚੇਤਨਾ ਦਾ ਸਟੇਜ ’ਤੇ ਪਹੁੰਚਣ ’ਤੇ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਚੇਤਨਾ ਨੇ ਤਿੰਨ ਦਹਾਕੇ ਪਹਿਲਾਂ ਮੁੰਬਈ ਤੋਂ ਮਹਾਰਾਸ਼ਟਰ ਦੇ ਸੋਕਾ ਪ੍ਰਭਾਵਤ ਪਿੰਡ ’ਚ ਸਥਾਨਕ ਔਰਤਾਂ ਨੂੰ ਇਕ ਬੈਂਕ ਸ਼ੁਰੂ ਕਰਨ ’ਚ ਮਦਦ ਕੀਤੀ ਸੀ।
ਉਨ੍ਹਾਂ ਕਿਹਾ, ‘‘ਸਾਡੀਆਂ ਔਰਤਾਂ ਮਾਈਕਰੋ-ਕ੍ਰੈਡਿਟ ਤੋਂ ਮਾਈਕਰੋ-ਐਂਟਰਪ੍ਰਾਈਜ਼ ਵਲ ਵਧਣਾ ਚਾਹੁੰਦੀਆਂ ਹਨ। ਔਰਤਾਂ ਲਈ ਨਿਵੇਸ਼ ਕਰਨ ਦਾ ਇਸ ਤੋਂ ਵਧੀਆ ਸਮਾਂ ਨਹੀਂ ਹੋ ਸਕਦਾ।’’