
ਮਸਜਿਦ ਜ਼ਿਆਦਾ ਪੁਰਾਣੀ ਹੋਣ ਕਾਰਨ ਵਾਪਰਿਆ ਹਾਦਸਾ
ਅਬੂਜਾ: ਨਾਈਜੀਰੀਆ ਦੇ ਕਦੂਨਾ ਸੂਬੇ ਦੇ ਜ਼ਰੀਆ ਸ਼ਹਿਰ ਵਿਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇਕ ਮਸਜਿਦ ਦਾ ਇਕ ਹਿੱਸਾ ਡਿੱਗਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ। ਉੱਤਰ-ਪੱਛਮੀ ਨਾਈਜੀਰੀਆ ਦੇ ਕਦੂਨਾ ਰਾਜ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਜਿਸ ਸਮੇਂ 'ਜਰੀਆ ਸੈਂਟਰਲ ਮਸਜਿਦ' ਢਹਿ ਗਈ, ਉਸ ਸਮੇਂ ਸੈਂਕੜੇ ਲੋਕ ਸ਼ੁੱਕਰਵਾਰ ਦੀ ਨਮਾਜ਼ ਲਈ ਉੱਥੇ ਇਕੱਠੇ ਹੋਏ ਸਨ।
ਸੂਬੇ ਦੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਘਟਨਾ ਵਿਚ 23 ਲੋਕ ਜ਼ਖ਼ਮੀ ਹੋ ਗਏ ਅਤੇ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਦੁਆਰਾ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਰਾਜ ਦੇ ਅਧਿਕਾਰੀਆਂ ਨੇ ਕਿਹਾ ਕਿ ਮਸਜਿਦ 1830 ਵਿਚ ਬਣਾਈ ਗਈ ਸੀ। ਨਮਾਜ਼ ਦੌਰਾਨ ਮਸਜਿਦ ਦਾ ਇਕ ਹਿੱਸਾ ਡਿੱਗਣ ਕਾਰਨ ਲੋਕ ਮਲਬੇ ਹੇਠ ਦੱਬ ਗਏ। ਕਾਦੂਨਾ ਦੇ ਗਵਰਨਰ ਉਬਾ ਸਾਨੀ ਨੇ ਘਟਨਾ ਦੀ ਤੁਰੰਤ ਜਾਂਚ ਦੇ ਹੁਕਮ ਦਿਤੇ ਹਨ।