
''ਭਾਰਤ ਸਰਕਾਰ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਤੇ ਕਹਿ ਦੇਣਾ ਚਾਹੀਦਾ ਹੈ ਕਿ ਸਾਡੇ ਤੋਂ ਗ਼ਲਤੀ ਹੋ ਗਈ ਸੀ''-- ਸੈਨੇਟਰ ਕੈਥਰੀਨ ਔਸਟਨ
ਕਨੈਕਟੀਕਟ (ਅਮਰੀਕਾ) : ਭਾਰਤ ਸਰਕਾਰ ਦੀ ਜ਼ਬਰਦਸਤ ਵਿਰੋਧਤਾ ਦੇ ਬਾਵਜੂਦ, ਸਵਰਨਜੀਤ ਸਿੰਘ ਖ਼ਾਲਸਾ ਦੀ ਮੁਹਿੰਮ ਸਦਕਾ ਅਮਰੀਕਾ ਦੇ ਕਨੈਕਟੀਕਟ ਸੂਬੇ ਨੇ “ਨਵੰਬਰ ਨੂੰ ਸਿੱਖ ਨਸਲਕੁਸ਼ੀ ਦਿਹਾੜਾ”ਮੰਨ ਲਿਆ ਹੈ। ਦਸਣਯੋਗ ਹੈ ਕਿ ਭਾਰਤੀ ਹਕੂਮਤ ਦੇ ਨੁਮਾਇੰਦੇ ਸੰਦੀਪ ਚੱਕਰਵਰਤੀ ਕਾਊਂਸਲਰ ਜਨਰਲ ਆਫ਼ ਇੰਡੀਆ ਨਿਊਯਾਰਕ ਨੇ ਨਵੰਬਰ 5 ਨੂੰ ਕਨੈਕਟੀਕਟ ਸਟੇਟ ਦੇ ਸੈਨੇਟਰਾਂ ਨੂੰ ਚਿੱਠੀਆਂ ਲਿਖ ਕੇ ਕਿਹਾ ਸੀ ਕਿ ਨਵੰਬਰ 1984 ਵਿਚ ਸਿੱਖ ਵਿਰੋਧੀ ਹਿੰਸਕ ਕਾਰਵਾਈਆਂ ਪਿੱਛੇ ਸਿੱਖ ਅਤਿਵਾਦੀ ਸਨ।
ਇਸ ਮੌਕੇ ਸੈਨੇਟਰ ਕੈਥਰੀਨ ਔਸਟਨ ਨੇ ਸੰਦੀਪ ਚੱਕਰਵਰਤੀ ਦੀ ਚਿੱਠੀ ਦੇ ਇਕ ਅਹਿਮ ਹਿੱਸੇ ਨੂੰ ਪੜ੍ਹ ਕੇ ਸੁਣਾਇਆ ਜਿਸ ਵਿਚ ਲਿਖਿਆ ਸੀ,''ਜਿਵੇਂ ਕਿ ਮੈਂ (ਸੰਦੀਪ ਚੱਕਰਵਰਤੀ) ਦਸ ਚੁਕਾ ਹਾਂ ਕਿ ਸਿੱਖ ਵਿਰੋਧੀ ਹਿੰਸਾ ਦੀ ਜੜ੍ਹ ਪਿੱਛੇ ਸਾਲਾਂ ਤੋਂ ਸਿੱਖ ਅਤਿਵਾਦ ਨਾਲ ਸਬੰਧਤ ਘਟਨਾਵਾਂ ਸਨ ਅਤੇ ਸਿੱਖ ਵਿਰੋਧੀ ਹਿੰਸਾ ਨੂੰ ਸਿੱਖ ਅਤਿਵਾਦੀਆਂ ਨਾਲੋਂ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ।'' ਸੈਨੇਟਰਾਂ ਨੂੰ ਲਿਖੀ ਚਿੱਠੀ ਦੇ ਅਗਲੇ ਹਿੱਸੇ ਵਿਚ ਸੰਦੀਪ ਚੱਕਰਵਰਤੀ ਨੇ ਕਿਹਾ,''ਉਹ ਲੋਕ ਜਿਨ੍ਹਾਂ ਨੇ ਇਹ ਮਤਾ (ਸਿੱਖ ਨਸਲਕੁਸ਼ੀ ਦਿਹਾੜਾ ਮਤਾ) ਪਵਾਉਣ ਲਈ ਕਿਹਾ ਹੈ
ਉਨ੍ਹਾਂ ਦਾ ਇਕੋ ਇਕ ਮਕਸਦ ਹੈ, ਅਖੰਡ ਭਾਰਤ ਨੂੰ ਤੋੜਨਾ ਅਤੇ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਭਾਰਤ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ।'' ਇਸ ਮੌਕੇ ਸੰਦੀਪ ਚੱਕਰਵਰਤੀ ਦੀ ਚਿੱਠੀ 'ਤੇ ਟਿਪਣੀ ਕਰਦਿਆਂ ਸੈਨੇਟਰ ਕੈਥਰੀਨ ਔਸਟਨ ਨੇ ਨਵੰਬਰ 10 ਨੂੰ ਸਿੱਖ ਸੰਸਥਾਵਾਂ ਦੇ ਇਕੱਠ ਨੂੰ ਸਟੇਟ ਕੈਪੀਟਲ ਵਿਚ ਸੰਬੋਧਨ ਕਰਦਿਆਂ ਕਿਹਾ,''ਮੈਂ ਮੰਨਦੀ ਹਾਂ ਕਿ ਅੱਜਕਲ ਵੱਖਵਾਦ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ
ਪਰ ਜਿਥੇ ਨਸਲਕੁਸ਼ੀ ਹੋਈ ਹੋਵੇ ਅਤੇ ਨਸਲਕੁਸ਼ੀ ਕਰਨ ਵਾਲੇ ਕਹਿਣ ਕਿ ਇਹ ਅਸੀਂ ਨਹੀਂ ਕੀਤੀ ਅਤੇ ਉਹ ਹਮੇਸ਼ਾ ਨਸਲਕੁਸ਼ੀ ਪੀੜਤਾਂ ਨੂੰ ਕਹਿਣ ਕਿ ਇਹ ਸੱਭ ਕੁੱਝ ਉਨ੍ਹਾਂ ਦੀਆਂ ਅਪਣੀਆਂ ਹਰਕਤਾਂ ਕਰ ਕੇ ਹੀ ਹੋਇਆ ਹੈ, ਮੈਂ ਸਮਝਦੀ ਹਾਂ ਕਿ ਭਾਰਤ ਸਰਕਾਰ ਨੂੰ ਇਹ ਮੰਨ ਲੈਣਾ (ਨਵੰਬਰ 1984 ਸਿੱਖ ਨਸਲਕੁਸ਼ੀ) ਚਾਹੀਦਾ ਹੈ ਅਤੇ ਕਹਿਣਾ ਚਾਹੀਦਾ ਹੈ ਕਿ ਸਾਡੇ ਤੋਂ ਗ਼ਲਤੀ ਹੋਈ ਹੈ।''