
ਸੰਯੁਕਤ ਰਾਸ਼ਟਰ ਮੈਡਲ ਹਾਸਲ ਕਰਨ ਵਾਲੇ ਸ਼ਾਂਤੀ ਰੱਖਿਅਕਾਂ ਵਿੱਚ ਪੰਜ ਔਰਤਾਂ
ਸੰਯੁਕਤ ਰਾਸ਼ਟਰ - ਦੱਖਣੀ ਸੂਡਾਨ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਵਿੱਚ ਤਾਇਨਾਤ 1000 ਤੋਂ ਵੱਧ ਭਾਰਤੀ ਸ਼ਾਂਤੀ ਰੱਖਿਅਕਾਂ ਨੂੰ ਇੱਕ ਇਨਾਮ ਵੰਡ ਸਮਾਰੋਹ ਵਿੱਚ ਸੰਯੁਕਤ ਰਾਸ਼ਟਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਪਹਿਲੀ ਵਾਰ ਇਸ ਸਮਾਰੋਹ ਵਿੱਚ ਪਰੇਡ ਦੀ ਅਗਵਾਈ ਭਾਰਤੀ ਫ਼ੌਜ ਦੀ ਇੱਕ ਮਹਿਲਾ ਅਧਿਕਾਰੀ ਨੇ ਕੀਤੀ।
ਅਪਰ ਨੀਲ ਵਿੱਚ ਇੱਕ ਵਿਸ਼ੇਸ਼ ਇਨਾਮ ਵੰਡ ਸਮਾਰੋਹ ਵਿੱਚ, ਦੱਖਣੀ ਸੂਡਾਨ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਵਿੱਚ ਤੈਨਾਤ ਭਾਰਤ ਦੇ 1,171 ਸ਼ਾਂਤੀ ਰੱਖਿਅਕਾਂ ਨੂੰ ਉਨ੍ਹਾਂ ਦੀ ਮਿਸਾਲੀ ਸੇਵਾ ਲਈ ਸੰਯੁਕਤ ਰਾਸ਼ਟਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਮਿਸ਼ਨ ਨੇ ਵੀਰਵਾਰ ਨੂੰ ਟਵੀਟ ਕੀਤਾ, "ਭਾਰਤ ਨੂੰ ਸਲਾਮ। ਤੁਹਾਡੇ ਬੇਮਿਸਾਲ ਪੁੱਤਰਾਂ ਅਤੇ ਧੀਆਂ ਵਿੱਚੋਂ 1,171 ਨੇ ਦੱਖਣੀ ਸੁਡਾਨ ਦੇ ਅਪਰ ਨੀਲ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਨਾਲ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਸੰਯੁਕਤ ਰਾਸ਼ਟਰ ਦੇ ਮੈਡਲ ਪ੍ਰਾਪਤ ਕੀਤੇ ਹਨ।"
ਸੰਯੁਕਤ ਰਾਸ਼ਟਰ ਮਿਸ਼ਨ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਇੱਕ ਲੇਖ ਵਿਚ ਕਿਹਾ ਗਿਆ ਹੈ ਕਿ ਪਹਿਲੀ ਵਾਰ ਭਾਰਤੀ ਫ਼ੌਜ ਦੀ ਇੱਕ ਮਹਿਲਾ ਅਧਿਕਾਰੀ ਮੇਜਰ ਜੈਸਮੀਨ ਚੱਠਾ ਨੇ ਵੱਡੀ ਭਾਰਤੀ ਟੁਕੜੀ ਦੀ ਪਰੇਡ ਦੀ ਅਗਵਾਈ ਕੀਤੀ।
ਲੇਖ ਵਿੱਚ ਚੱਠਾ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਔਰਤਾਂ ਨੂੰ ਆਗੂਆਂ ਵਜੋਂ ਤਾਇਨਾਤ ਕਰਕੇ, ਅਸੀਂ ਦੱਖਣੀ ਸੂਡਾਨ ਦੇ ਨਾਗਰਿਕਾਂ ਅਤੇ ਖ਼ਾਸ ਤੌਰ 'ਤੇ ਔਰਤਾਂ ਨੂੰ ਇੱਕ ਮਜ਼ਬੂਤ ਸੁਨੇਹਾ ਦੇ ਰਹੇ ਹਾਂ।"
ਸੰਯੁਕਤ ਰਾਸ਼ਟਰ ਮਿਸ਼ਨ ਦੇ ਫ਼ੋਰਸ ਕਮਾਂਡਰ ਲੈਫ਼ਟੀਨੈਂਟ ਜਨਰਲ ਮੋਹਨ ਸੁਬਰਾਮਨੀਅਮ ਨੇ ਸਮਾਰੋਹ ਵਿੱਚ ਸ਼ਾਂਤੀ ਰੱਖਿਅਕਾਂ ਨੂੰ ਮੈਡਲ ਭੇਟ ਕੀਤੇ। ਮੈਡਲ ਹਾਸਲ ਕਰਨ ਵਾਲੇ ਸ਼ਾਂਤੀ ਰੱਖਿਅਕਾਂ ਵਿੱਚੋਂ ਪੰਜ ਔਰਤਾਂ ਹਨ।
ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ਵਿੱਚ ਭਾਰਤ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਜੂਨ 2022 ਤੱਕ, ਸੰਯੁਕਤ ਰਾਸ਼ਟਰ ਮਿਸ਼ਨ ਵਿੱਚ 2,370 ਭਾਰਤੀ ਫ਼ੌਜੀ ਤਾਇਨਾਤ ਕੀਤੇ ਗਏ ਸਨ, ਜੋ ਕਿ ਰਵਾਂਡਾ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਦਲ ਹੈ।