
ਮਾਲਦੀਵ ਇਕ ਛੋਟਾ ਦੇਸ਼ ਹੋ ਸਕਦਾ ਹੈ, ਪਰ ਕਿਸੇ ਨੂੰ ਵੀ ਸਾਨੂੰ ਧਮਕੀ ਦੇਣ ਦਾ ਲਾਇਸੈਂਸ ਨਹੀਂ ਮਿਲਦਾ: ਰਾਸ਼ਟਰਪਤੀ ਮੁਇਜ਼ੂ
ਬੀਜਿੰਗ/ਮਾਲੇ: ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਸਨਿਚਰਵਾਰ ਨੂੰ ਸਖਤ ਟਿਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਦੇਸ਼ ਛੋਟਾ ਹੋ ਸਕਦਾ ਹੈ ਪਰ ‘ਇਸ ਨਾਲ ਕਿਸੇ ਨੂੰ ਵੀ ਸਾਨੂੰ ਧਮਕੀ ਦੇਣ ਦਾ ਲਾਇਸੈਂਸ ਨਹੀਂ ਮਿਲ ਜਾਂਦਾ।’’
ਮੁਇਜ਼ੂ ਦੀ ਇਹ ਟਿਪਣੀ ਮਾਲਦੀਵ ਦੇ ਤਿੰਨ ਮੰਤਰੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਸੋਸ਼ਲ ਮੀਡੀਆ ’ਤੇ ਅਪਮਾਨਜਨਕ ਟਿਪਣੀਆਂ ਨੂੰ ਲੈ ਕੇ ਭਾਰਤ ਨਾਲ ਕੂਟਨੀਤਕ ਵਿਵਾਦ ਦੇ ਵਿਚਕਾਰ ਆਈ ਹੈ।
ਚੀਨ ਸਮਰਥਕ ਸਿਆਸਤਦਾਨ ਵਜੋਂ ਜਾਣੇ ਜਾਂਦੇ ਮੁਇਜ਼ੂ ਨੇ ਕਿਸੇ ਦੇਸ਼ ਦਾ ਨਾਂ ਲਏ ਬਿਨਾਂ ਕਿਹਾ, ‘‘ਅਸੀਂ ਛੋਟੇ ਦੇਸ਼ ਹੋ ਸਕਦੇ ਹਾਂ ਪਰ ਇਹ ਉਨ੍ਹਾਂ ਨੂੰ ਸਾਨੂੰ ਧਮਕੀ ਦੇਣ ਦਾ ਲਾਇਸੈਂਸ ਨਹੀਂ ਮਿਲ ਜਾਂਦਾ।’’
ਚੀਨ ਦੀ ਯਾਤਰਾ ਤੋਂ ਵਾਪਸ ਆਉਣ ’ਤੇ ਉਨ੍ਹਾਂ ਨੇ ਮੀਡੀਆ ਨੂੰ ਕਿਹਾ, ‘‘ਸਾਡੇ ਕੋਲ ਇਸ ਸਮੁੰਦਰ ’ਚ ਛੋਟੇ ਟਾਪੂ ਹਨ, ਪਰ ਸਾਡੇ ਕੋਲ 900,000 ਵਰਗ ਕਿਲੋਮੀਟਰ ਦਾ ਵਿਸ਼ਾਲ ਵਿਸ਼ੇਸ਼ ਆਰਥਕ ਖੇਤਰ ਹੈ। ਮਾਲਦੀਵ ਉਨ੍ਹਾਂ ਦੇਸ਼ਾਂ ’ਚੋਂ ਇਕ ਹੈ ਜੋ ਇਸ ਮਹਾਂਸਾਗਰ ਦਾ ਸੱਭ ਤੋਂ ਵੱਡਾ ਹਿੱਸਾ ਰਖਦੇ ਹਨ।’’
ਨਵੰਬਰ ਵਿਚ ਅਹੁਦਾ ਸੰਭਾਲਣ ਤੋਂ ਬਾਅਦ ਮੁਇਜ਼ੂ ਦੀ ਇਹ ਪਹਿਲੀ ਚੀਨ ਯਾਤਰਾ ਹੈ। ਰਾਸ਼ਟਰਪਤੀ ਮੁਇਜ਼ੂ ਨੇ ਕਿਹਾ, ‘‘ਇਹ ਸਮੁੰਦਰ ਕਿਸੇ ਖਾਸ ਦੇਸ਼ ਦਾ ਨਹੀਂ ਹੈ। ਇਹ (ਹਿੰਦ) ਮਹਾਂਸਾਗਰ ਇਸ ਖੇਤਰ ’ਚ ਸਥਿਤ ਸਾਰੇ ਦੇਸ਼ਾਂ ਦਾ ਹੈ।’’
‘ਸਨ’ ਵੈੱਬਸਾਈਟ ਨੇ ਮੁਇਜ਼ੂ ਦੇ ਹਵਾਲੇ ਨਾਲ ਕਿਹਾ, ‘‘ਅਸੀਂ ਕਿਸੇ ਦੇ ਪਿਛਲੱਗੂ ਨਹੀਂ ਹਾਂ। ਅਸੀਂ ਇਕ ਸੁਤੰਤਰ ਅਤੇ ਪ੍ਰਭੂਸੱਤਾ ਵਾਲਾ ਰਾਸ਼ਟਰ ਹਾਂ।’’
ਅਪਣੀ ਚੀਨ ਯਾਤਰਾ ਦੌਰਾਨ ਮੁਇਜ਼ੂ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਨੇ 20 ਸਮਝੌਤਿਆਂ ’ਤੇ ਦਸਤਖਤ ਕੀਤੇ।
ਚੀਨ ਦੇ ਚੋਟੀ ਦੇ ਨੇਤਾਵਾਂ ਨਾਲ ਮੁਇਜ਼ੂ ਦੀ ਗੱਲਬਾਤ ਦੇ ਅੰਤ ’ਤੇ ਜਾਰੀ ਸਾਂਝੇ ਬਿਆਨ ’ਚ ਕਿਹਾ, ‘‘ਦੋਵੇਂ ਪੱਖ ਆਪੋ-ਅਪਣੇ ਮੁੱਖ ਹਿੱਤਾਂ ਦੀ ਰਾਖੀ ਲਈ ਇਕ-ਦੂਜੇ ਦਾ ਸਮਰਥਨ ਜਾਰੀ ਰੱਖਣ ’ਤੇ ਸਹਿਮਤ ਹੋਏ ਹਨ।’’
ਬਿਆਨ ਵਿਚ ਕਿਸੇ ਦੇਸ਼ ਦਾ ਜ਼ਿਕਰ ਕੀਤੇ ਬਿਨਾਂ ਕਿਹਾ ਗਿਆ ਹੈ ਕਿ ਚੀਨ ਮਾਲਦੀਵ ਦੀ ਕੌਮੀ ਪ੍ਰਭੂਸੱਤਾ, ਆਜ਼ਾਦੀ ਅਤੇ ਕੌਮੀ ਮਾਣ ਨੂੰ ਕਾਇਮ ਰੱਖਣ ਵਿਚ ਉਸ ਦਾ ਸਮਰਥਨ ਕਰਦਾ ਹੈ ਅਤੇ ਮਾਲਦੀਵ ਦੇ ਅੰਦਰੂਨੀ ਮਾਮਲਿਆਂ ਵਿਚ ਬਾਹਰੀ ਦਖਲ ਅੰਦਾਜ਼ੀ ਦਾ ਸਖਤ ਵਿਰੋਧ ਕਰਦਾ ਹੈ।
ਮੁਇਜ਼ੂ ਨੇ ਮਾਲੇ ’ਚ ਪੱਤਰਕਾਰਾਂ ਨੂੰ ਦਸਿਆ ਕਿ ਚੀਨ ਨੇ ਮਾਲਦੀਵ ਨੂੰ 13 ਕਰੋੜ ਡਾਲਰ ਦੀ ਸਹਾਇਤਾ ਨੂੰ ਮਨਜ਼ੂਰੀ ਦੇ ਦਿਤੀ ਹੈ। ਉਨ੍ਹਾਂ ਕਿਹਾ ਕਿ ਇਸ ਰਕਮ ਦੀ ਵਰਤੋਂ ਵਿਕਾਸ ਪ੍ਰਾਜੈਕਟਾਂ ਲਈ ਕੀਤੀ ਜਾਵੇਗੀ।