
ਅਜ਼ਹਰ ਮਸੂਦ ਨੂੰ ਅਤਿਵਾਦੀ ਐਲਾਨਣ ਲਈ ਸੰਯੁਕਤ ਰਾਸ਼ਟਰ ਕੋਲ ਪੁਖ਼ਤਾ ਸਬੂਤ ਹਨ : ਰਾਬਰਟ ਪਲਾਡਿਨੋ
ਵਾਸ਼ਿੰਗਟਨ : ਜੈਸ਼-ਏ-ਮੁਹੰਮਦ ਦੇ ਸਰਗਨਾ ਅਜ਼ਹਰ ਮਸੂਦ ਨੂੰ ਆਲਮੀ ਅਤਵਾਦੀ ਐਲਾਨਣ ਨੂੰ ਅਮਰੀਕਾ ਨੇ ਖੇਤਰੀ ਸਥਿਰਤਾ ਤੇ ਸ਼ਾਂਤੀ ਲਈ ਖ਼ਤਰਾ ਦੱਸਿਆ। ਅਮਰੀਕਾ ਨੇ ਕਿਹਾ ਕਿ ਮਸੂਦ ਨੂੰ ਆਲਮੀ ਅਤਿਵਾਦੀ ਐਲਾਨਣ ਲਈ ਪੁਖ਼ਤਾ ਆਧਾਰ ਹੈ ਤੇ ਉਸ ਨੂੰ ਆਲਮੀ ਅਤਿਵਾਦੀ ਨਾ ਐਲਾਨਣਾ ਸ਼ਾਂਤੀ ਲਈ ਖ਼ਤਰਾ ਹੋਵੇਗਾ। ਮਸੂਦ ਨੂੰ ਆਲਮੀ ਅਤਿਵਾਦੀ ਐਲਾਨਣ ਦੇ ਮੁੱਦੇ 'ਤੇ ਕਲ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਅਹਿਮ ਫ਼ੈਸਲਾ ਹੋਣ ਦੀ ਉਮੀਦ ਹੈ।
State Department Deputy Spokesperson Robert Palladino
ਅਮਰੀਕੀ ਵਿਦੇਸ਼ ਮੰਤਰਾਲੇ ਦੇ ਉਪ ਬੁਲਾਰਾ ਰਾਬਰਟ ਪਲਾਡਿਨੋ ਨੇ ਕਿਹਾ ਕਿ ਮਸੂਦ ਜੈਸ਼-ਏ-ਮੁਹੰਮਦ ਦਾ ਸੰਸਥਾਪਕ ਅਤੇ ਸਰਗਨਾ ਹੈ ਤੇ ਉਸ ਨੂੰ ਸੰਯੁਕਤ ਰਾਸ਼ਟਰ ਵਲੋਂ ਅਤਿਵਾਦੀ ਐਲਾਨ ਕਰਨ ਲਈ ਪੁਖ਼ਤਾ ਕਾਰਨ ਹਨ। ਉਨ੍ਹਾਂ ਕਿਹਾ ਕਿ ਜੈਸ਼ ਕਈ ਅਤਿਵਾਦੀ ਹਮਲਿਆਂ ਵਿੱਚ ਸ਼ਾਮਲ ਰਿਹਾ ਹੈ ਤੇ ਉਹ ਖੇਤਰੀ ਸਥਿਰਤਾ ਤੇ ਸ਼ਾਂਤੀ ਲਈ ਖ਼ਤਰਾ ਹੈ। ਪਲਾਡਿਨੋ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਅਤਿਵਾਦ ਵਿਰੁਧ ਮਿਲ ਕੇ ਕੰਮ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ 50 ਸਾਲਾ ਮਸੂਦ ਨੇ ਭਾਰਤ ਵਿਚ ਕਈ ਅਤਿਵਾਦੀ ਹਮਲੇ ਕਰਵਾਏ ਹਨ ਤੇ ਉਹ ਸੰਸਦ, ਪਠਾਨਕੋਟ ਹਵਾਈ ਫ਼ੌਜ ਦੇ ਅੱਡੇ, ਉਰੀ ਤੇ ਜੰਮੂ-ਕਸ਼ਮੀਰ ਵਿੱਚ ਕਈ ਥਾਵਾਂ 'ਤੇ ਫ਼ੌਜੀ ਕੈਂਪਾਂ 'ਤੇ ਹਮਲੇ ਅਤੇ ਹਾਲ ਹੀ ਵਿੱਚ ਪੁਲਵਾਮਾ ਵਿਚ ਸੀਆਰਪੀਐਫ਼ 'ਤੇ ਹੋਏ ਅਤਿਵਾਦੀ ਹਮਲੇ ਦਾ ਸਾਜ਼ਸ਼ਘਾੜਾ ਹੈ। 14 ਫ਼ਰਵਰੀ ਨੂੰ ਪੁਲਵਾਮਾ ਵਿਚ ਹੋਏ ਇਸ ਹਮਲੇ ਵਿਚ ਲਗਭਗ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਸਬੰਧ ਖ਼ਰਾਬ ਹੋ ਗਏ ਸਨ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਤਿੰਨ ਪੱਕੇ ਮੈਂਬਰਾਂ ਅਮਰੀਕਾ, ਬ੍ਰਿਟੇਨ ਤੇ ਫ਼ਰਾਂਸ ਨੇ ਅਜ਼ਹਰ ਮਸੂਦ ਨੂੰ ਆਲਮੀ ਅਤਿਵਾਦੀ ਐਲਾਨ ਕਰਨ ਲਈ ਪ੍ਰਸਤਾਵ ਪੇਸ਼ ਕੀਤਾ ਸੀ।