
Pakistan Train Hijack: ਬੰਧਕ ਬਣਾਏ ਗਏ 21 ਲੋਕ ਵੀ ਅਤਿਵਾਦੀਆਂ ਹੱਥੋਂ ਮਾਰੇ ਗਏ
ਕਵੇਟਾ : ਪਾਕਿਸਤਾਨ ਦੇ ਅਧਿਕਾਰੀਆਂ ਨੇ ਬੁਧਵਾਰ ਨੂੰ ਕਿਹਾ ਕਿ ਸੈਂਕੜੇ ਲੋਕਾਂ ਨੂੰ ਲੈ ਕੇ ਜਾ ਰਹੀ ਰੇਲ ਗੱਡੀ ਜਾਫ਼ਰ ਐਕਸਪ੍ਰੈੱਸ ’ਤੇ ਵਿਦਰੋਹੀਆਂ ਦਾ ਹਮਲਾ ਖਤਮ ਹੋ ਗਿਆ ਹੈ। ਫ਼ੌਜੀ ਬੁਲਾਰੇ ਲੈਫ਼. ਜਨਰਲ ਅਹਿਮਦ ਸ਼ਰੀਦ ਨੇ ਕਿਹਾ ਕਿ ਦਿਨ ਭਰ ਚੱਲੇ ਮੁਕਾਬਲੇ ਤੋਂ ਬਾਅਦ ਸਾਰੇ 33 ਅਤਿਵਾਦੀ ਮਾਰੇ ਗਏ ਹਨ।
ਬੰਧਕ ਬਣਾਏ ਗਏ 21 ਲੋਕ ਵੀ ਅਤਿਵਾਦੀਆਂ ਹੱਥੋਂ ਮਾਰੇ ਗਏ ਸਨ। ਇਸ ਤੋਂ ਇਲਵਾ 4 ਫ਼ੌਜੀਆਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਸੁਰੱਖਿਆ ਅਧਿਕਾਰੀਆਂ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦਸਿਆ ਸੀ ਕਿ 300 ਤੋਂ ਵੱਧ ਬੰਧਕਾਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਨੇ ਮਾਰੇ ਗਏ ਬੰਧਕਾਂ ਬਾਰੇ ਕੋਈ ਵੇਰਵਾ ਨਹੀਂ ਦਿਤਾ।
ਵੱਖਵਾਦੀਆਂ ਨੇ ਮੰਗਲਵਾਰ ਨੂੰ ਦੱਖਣ-ਪਛਮੀ ਬਲੋਚਿਸਤਾਨ ਸੂਬੇ ਦੇ ਇਕ ਦੂਰ-ਦੁਰਾਡੇ ਹਿੱਸੇ ਵਿਚ ਇਕ ਸੁਰੰਗ ਵਿਚ ਲਗਭਗ 450 ਲੋਕਾਂ ਨੂੰ ਲੈ ਕੇ ਜਾ ਰਹੀ ਰੇਲ ਗੱਡੀ ’ਤੇ ਹਮਲਾ ਕੀਤਾ ਸੀ। ਵੱਖਵਾਦੀ ਬਲੋਚ ਲਿਬਰੇਸ਼ਨ ਆਰਮੀ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।
ਬੁਲਾਰੇ ਜੀਯੰਦ ਬਲੋਚ ਨੇ ਕਿਹਾ ਸੀ ਕਿ ਜੇ ਅਧਿਕਾਰੀ ਜੇਲ੍ਹ ’ਚ ਬੰਦ ਅਤਿਵਾਦੀਆਂ ਨੂੰ ਰਿਹਾਅ ਕਰਨ ਲਈ ਸਹਿਮਤ ਹੁੰਦੇ ਹਨ ਤਾਂ ਸਮੂਹ ਮੁਸਾਫ਼ਰਾਂ ਨੂੰ ਰਿਹਾਅ ਕਰਨ ਲਈ ਤਿਆਰ ਹੈ। ਸਰਕਾਰ ਵਲੋਂ ਇਸ ’ਤੇ ਕੋਈ ਟਿਪਣੀ ਨਹੀਂ ਕੀਤੀ ਗਈ, ਜਿਸ ਨੇ ਪਹਿਲਾਂ ਵੀ ਅਜਿਹੀਆਂ ਮੰਗਾਂ ਨੂੰ ਰੱਦ ਕਰ ਦਿਤਾ ਹੈ। ਇਸ ਦੌਰਾਨ ਚੀਨ ਨੇ ਰੇਲ ਗੱਡੀ ਨੂੰ ਅਗਵਾ ਕੀਤੇ ਜਾਣ ਦੀ ਨਿੰਦਾ ਕੀਤੀ ਅਤੇ ਇਸਲਾਮਾਬਾਦ ਨਾਲ ਅੱਤਿਵਾਦ ਵਿਰੋਧੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਤਿਆਰੀ ਜ਼ਾਹਰ ਕੀਤੀ। (ਪੀਟੀਆਈ)