
ਕੱਟੜਪੰਥੀਆਂ 'ਤੇ ਨਿਗਰਾਨੀ ਵਧਾਉਣ ਅਤੇ ਉਚਿਤ ਕਾਰਵਾਈ ਕਰਨ ਦੀ ਕੀਤੀ ਅਪੀਲ
ਨਵੀਂ ਦਿੱਲੀ: ਭਾਰਤ ਨੇ ਗਰਮਖਿਆਲੀ ਪੱਖੀ ਤੱਤਾਂ ਵਲੋਂ ਬ੍ਰਿਟੇਨ ਦੀ ਸ਼ਰਣ ਨੀਤੀ ਦੀ ਦੁਰਵਰਤੋਂ ਕਰਨ ਸਬੰਧੀ ਬ੍ਰਿਟੇਨ ਨੂੰ “ਖਾਸ ਤੌਰ 'ਤੇ" ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਾਇਆ ਅਤੇ ਉਸ ਨੂੰ ਕੱਟੜਪੰਥੀਆਂ 'ਤੇ ਨਿਗਰਾਨੀ ਵਧਾਉਣ ਅਤੇ ਉਚਿਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਪਿਛਲੇ ਮਹੀਨੇ ਭਾਰਤੀ ਹਾਈ ਕਮਿਸ਼ਨ ਵਿਚ ਸੁਰੱਖਿਆ ਵਿਚ ਕੁਤਾਹੀ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਨੂੰ ਵੀ ਉਜਾਗਰ ਕੀਤਾ ਗਿਆ।
ਇਹ ਵੀ ਪੜ੍ਹੋ: ਭਾਰਤ ਵਿੱਚ ਸਭ ਤੋਂ ਅਮੀਰ ਅਤੇ ਗਰੀਬ ਮੁੱਖ ਮੰਤਰੀ: ਜਾਣੋ ਕੌਣ ਹੈ
ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਮੁੱਦੇ 5ਵੇਂ ‘ਭਾਰਤ-ਯੂਕੇ ਗ੍ਰਹਿ ਮਾਮਲਿਆਂ ਦੀ ਗੱਲਬਾਤ’ ਵਿਚ ਉਠਾਏ ਗਏ ਸਨ। ਮੀਟਿੰਗ ਵਿਚ ਦੋਵਾਂ ਧਿਰਾਂ ਨੇ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਅਜਿਹੇ ਕਦਮਾਂ ਦੀ ਸ਼ਨਾਖਤ ਕੀਤੀ ਗਈ ਜੋ ਅੱਤਵਾਦ, ਬ੍ਰਿਟੇਨ ਵਿਚ ਗਰਮਖਿਆਲੀ ਪੱਖੀ ਕੱਟੜਵਾਦ ਸਮੇਤ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਵਰਗੇ ਮੁੱਦਿਆਂ 'ਤੇ ਆਪਸੀ ਸਹਿਯੋਗ ਵਧਾਉਣ ਲਈ ਤਾਲਮੇਲ ਅਤੇ ਮੌਕਿਆਂ ਰਾਹੀਂ ਸਹਿਯੋਗ ਵਧਾਉਣ ਲਈ ਚੁੱਕੇ ਜਾ ਸਕਦੇ ਹਨ।
ਇਹ ਵੀ ਪੜ੍ਹੋ: ਖੁਦ ਨੂੰ ਅੰਡਰ ਸੈਕਟਰੀ ਦੱਸ ਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਨੂੰ ਦਾਖ਼ਲੇ ਲਈ ਫੋਨ ਕਰਨ ਵਾਲਾ ਕਾਬੂ, ਪ੍ਰਾਪਰਟੀ ਡੀਲਰ ਹੈ ਮੁਲਜ਼ਮ
ਬਿਆਨ ਮੁਤਾਬਕ ਸਾਈਬਰ ਸੁਰੱਖਿਆ ਅਤੇ ਗਲੋਬਲ ਸਪਲਾਈ ਚੇਨ, ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਰੋਕਥਾਮ, ਪ੍ਰਵਾਸ ਵਰਗੇ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ। ਬਿਆਨ ਵਿਚ ਕਿਹਾ ਗਿਆ ਹੈ, "ਭਾਰਤੀ ਪੱਖ ਨੇ ਆਪਣੀਆਂ ਚਿੰਤਾਵਾਂ, ਖਾਸ ਤੌਰ 'ਤੇ ਗਰਮਖਿਆਲੀ ਪੱਖੀ ਤੱਤਾਂ ਬਾਰੇ, ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਆਪਣੇ ਸ਼ਰਨਾਰਥੀ ਦਰਜੇ ਦੀ ਦੁਰਵਰਤੋਂ ਕਰਨ ਬਾਰੇ ਦੱਸਿਆ। ਇਸ ਦੇ ਨਾਲ ਯੂਕੇ ਵਿਚ ਸਥਿਤ ਗਰਮਖਿਆਲੀ ਪੱਖੀ ਕੱਟੜਪੰਥੀਆਂ 'ਤੇ ਨਿਗਰਾਨੀ ਵਧਾਉਣ ਅਤੇ ਉਚਿਤ ਕਾਰਵਾਈ ਕਰਨ ਦੀ ਬੇਨਤੀ ਕੀਤੀ।
ਇਹ ਵੀ ਪੜ੍ਹੋ: ਵਿਸਾਖੀ ‘ਤੇ ਵਿਸ਼ੇਸ਼: ਖਾਲਸਾ ਪੰਥ ਦੀ ਸਾਜਨਾ ਦਾ ਇਤਿਹਾਸਿਕ ਦਿਵਸ
ਮੀਟਿੰਗ ਦੇ ਅੰਤ ਵਿਚ ਦੋਵਾਂ ਧਿਰਾਂ ਨੇ ਮੌਜੂਦਾ ਆਪਸੀ ਭਾਈਵਾਲੀ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ, ਦੋ-ਪੱਖੀ ਸਬੰਧਾਂ ਨੂੰ ਡੂੰਘਾ ਕਰਨ ਅਤੇ ਦੋਵਾਂ ਦੇਸ਼ਾਂ ਦਰਮਿਆਨ ਸੁਰੱਖਿਆ ਸਹਿਯੋਗ ਨੂੰ ਕਾਇਮ ਰੱਖਣ ਲਈ ਸਹਿਮਤੀ ਪ੍ਰਗਟਾਈ। ਭਾਰਤੀ ਵਫ਼ਦ ਦੀ ਅਗਵਾਈ ਕੇਂਦਰੀ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਨੇ ਕੀਤੀ ਅਤੇ ਯੂਕੇ ਦੇ ਵਫ਼ਦ ਦੀ ਅਗਵਾਈ ਸਥਾਈ ਸਕੱਤਰ, ਗ੍ਰਹਿ ਦਫ਼ਤਰ, ਸਰ ਮੈਥਿਊ ਰਾਇਕ੍ਰਾਫਟ ਨੇ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਲੰਡਨ ਵਿਚ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਹਾਈ ਕਮਿਸ਼ਨ ਦੇ ਉੱਪਰ ਲ਼ਹਿਰਾ ਰਹੇ ਭਾਰਤੀ ਤਿਰੰਗੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਸੀ। ਅਧਿਕਾਰੀਆਂ ਨੇ ਕਿਹਾ ਸੀ ਕਿ ਪ੍ਰਦਰਸ਼ਨਕਾਰੀਆਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਗਿਆ ਸੀ।