 
          	ਪਿਤਾ ਦੇ ਐਡੀਲੇਡ ਪਹੁੰਚਣ ’ਤੇ ਗੌਰਵ ਦੀ ਜੀਵਨ-ਰੱਖਿਅਕ ਪ੍ਰਣਾਲੀ ਬੰਦ ਕੀਤੀ ਗਈ
Punjabi youth Gaurav Kundi lost the battle of life abroad : 29 ਮਈ ਨੂੰ ਐਡੀਲੇਡ ਪੁਲਿਸ ਵੱਲੋਂ ਗ੍ਰਿਫਤਾਰੀ ਦੀ ਕੋਸ਼ਿਸ਼ ਦੌਰਾਨ ਸਿਰ ’ਤੇ ਸੱਟ ਲੱਗਣ ਕਾਰਨ ਬੇਹੋਸ਼ ਹੋਣ ਵਾਲੇ 42 ਸਾਲ ਦੇ ਗੌਰਵ ਕੁੰਡੀ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਸ ਨੂੰ 16 ਸਾਲਾਂ ਤੋਂ ਜਾਨਣ ਵਾਲੇ ਪੋਰਟ ਔਗਸਟਾ ਦੇ ਸਿਟੀ ਕੌਂਸਲਰ ਸਨੀ ਸਿੰਘ ਨੇ ਮੀਡੀਆ ਨਾਲ ਗੱਲਬਾਤ ’ਚ ਦੱਸਿਆ ਕਿ ਗੌਰਵ ਕੁੰਡੀ ਦੇ ਪਿਤਾ ਕੱਲ ਹੀ ਭਾਰਤ ਤੋਂ ਆਸਟ੍ਰੇਲੀਆ ਆਏ ਸਨ। ਗੌਰਵ 29 ਮਈ ਤੋਂ ਬੇਸੁਰਤ ਹਸਪਤਾਲ ’ਚ ਜੀਵਨ-ਰੱਖਿਅਕ ਪ੍ਰਣਾਲੀ ’ਤੇ ਪਿਆ ਸੀ। ਉਸ ਦੇ ਪਿਤਾ ਦੇ ਆਉਣ ਤੋਂ ਬਾਅਦ ਹੀ ਉਸ ਦੀ ਜੀਵਨ-ਰੱਖਿਅਕ ਪ੍ਰਣਾਲੀ ਨੂੰ ਬੰਦ ਕੀਤਾ ਗਿਆ।
42 ਸਾਲ ਦਾ ਗੌਰਵ ਦੋ ਬੱਚਿਆਂ ਦਾ ਪਿਤਾ ਸੀ। 29 ਮਈ ਨੂੰ ਤੜਕਸਾਰ ਉਹ ਸ਼ਰਾਬ ਦੇ ਨਸ਼ੇ ’ਚ ਸੜਕ ’ਤੇ ਜਾ ਰਿਹਾ ਸੀ ਜਦੋਂ ਉਸ ਦੀ ਪਤਨੀ ਅੰਮ੍ਰਿਤਪਾਲ ਕੌਰ ਉਸ ਨੂੰ ਵਾਪਸ ਘਰ ਆਉਣ ਲਈ ਕਹਿ ਰਹੀ ਸੀ, ਪਰ ਗੌਰਵ ਉਸ ਨੂੰ ਪਿੱਛੇ ਧੱਕ ਰਿਹਾ ਸੀ। ਉਸੇ ਵੇਲੇ ਗਸ਼ਤ ਕਰਦੀ ਪੁਲਿਸ ਮੌਕੇ ’ਤੇ ਆ ਗਈ ਅਤੇ ਸਮਝਿਆ ਕਿ ਇਹ ਘਰੇਲੂ ਹਿੰਸਾ ਦਾ ਮਾਮਲਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਗੌਰਵ ਨੂੰ ਜ਼ਮੀਨ ’ਤੇ ਲਿਟਾ ਕੇ ਗਰਦਨ ਤੇ ਗੋਡਾ ਰੱਖਿਆ ਗਿਆ। ਇਸ ਕਾਰਨ ਉਸ ਦਾ ਸਿਰ ਕਾਰ ਅਤੇ ਸੜਕ ਨਾਲ ਟਕਰਾ ਗਿਆ ਸੀ ਅਤੇ ਉਹ ਮੌਕੇ ’ਤੇ ਹੀ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਗੌਰਵ ਜ਼ਿੰਦਗੀ ਅਤੇ ਮੌਤ ਵਿਚਾਲੇ ਸੰਘਰਸ਼ ਕਰ ਰਿਹਾ ਸੀ। ਉਸ ਨੂੰ ਰਾਇਲ ਐਡਿਲੇਡ ਹਸਪਤਾਲ ’ਚ ਵੈਂਟੀਲੇਟਰ ਪ੍ਰਣਾਲੀ ’ਤੇ ਰੱਖਿਆ ਗਿਆ ਸੀ। ਹਾਲਾਂਕਿ ਪੁਲਿਸ ਨੇ ਉਸ ਦੀ ਗਰਦਨ ’ਤੇ ਗੋਡਾ ਰੱਖਣ ਤੋਂ ਇਨਕਾਰ ਕੀਤਾ ਹੈ।
ਗੌਰਵ ਦੀ ਪਤਨੀ ਅਮ੍ਰਿਤਪਾਲ ਕੌਰ ਨੇ ਵੀ ਪੁਲਿਸ ਤੇ ਗੰਭੀਰ ਦੋਸ਼ ਲਾਏ ਸਨ। ਗੌਰਵ ਦੀ ਪਤਨੀ ਅੰਮ੍ਰਿਤਪਾਲ ਕੌਰ ਨੇ ਪੂਰੀ ਘਟਨਾ ਦੀ ਵੀਡੀਓ ਰਿਕਾਰਡ ਕੀਤੀ ਸੀ ਜਿਸ ਵਿੱਚ ਗੌਰਵ ਚੀਕਦਾ ਹੋਇਆ ਸੁਣਾਈ ਦੇ ਰਿਹਾ ਹੈ, “ਮੈਂ ਕੁਝ ਗਲਤ ਨਹੀਂ ਕੀਤਾ।’’ ਡਾਕਟਰਾਂ ਦਾ ਕਹਿਣਾ ਸੀ ਕਿ ਉਸਦੇ ਦਿਮਾਗ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਮਾਮਲੇ ਦੀ ਜਾਂਚ ਜਾਰੀ ਹੈ।
 
                     
                
 
	                     
	                     
	                     
	                     
     
     
     
     
     
                     
                     
                     
                     
                    