
ਲਗਭਗ 7 ਲੋਕਾਂ ਦੀ ਹੋਈ ਮੌਤ
ਮੋਗਾਦਿਸ਼ੂ: ਦੱਖਣ ਸੋਮਾਲਿਆ ਦੇ ਇਕ ਹੋਟਲ ਵਿਚ ਇਕ ਅਤਿਵਾਦੀ ਹਮਲੇ ਵਿਚ ਘਟ ਤੋਂ ਘਟ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਮਲੇ ਨੂੰ ਅਲ ਸ਼ਬਾਬ ਅਤਿਵਾਦੀ ਸੰਗਠਨ ਨੇ ਇਕ ਆਤਮਘਾਤੀ ਵਿਸਫ਼ੋਟ ਅਤੇ ਬੰਦੂਕ ਨਾਲ ਅੰਜਾਮ ਦਿੱਤਾ ਹੈ। ਅਥੋਰਿਟੀ ਨੇ ਦਸਿਆ ਕਿ ਇਕ ਆਤਮਘਾਤੀ ਹਮਲਾਵਰ ਨੇ ਕਿਸਮਾਓ ਸ਼ਹਿਰ ਦੇ ਲੋਕ ਪ੍ਰਿਯਾ ਮੇਦਿਨਾ ਹੋਟਲ ਵਿਚ ਸ਼ੁੱਕਰਵਾਰ ਨੂੰ ਵਿਸਫੋਟਕਾਂ ਨਾਲ ਭਰਿਆ ਵਾਹਨ ਦਾਖਲ ਕਰ ਦਿੱਤਾ ਜਿਸ ਤੋਂ ਬਾਅਦ ਹਥਿਆਰਾਂ ਨਾਲ ਲੈਸ ਕਈ ਬੰਦੂਕਧਾਰੀ ਗੋਲੀਬਾਰੀ ਕਰਦੇ ਹੋਏ ਹੋਟਲ ਵਿਚ ਦਾਖਲ ਹੋਏ।
ਅਲਕਾਇਦਾ ਨਾਲ ਜੁੜਿਆ ਸਮੂਹ ਅਲ ਸ਼ਬਾਬ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਹ ਪਹਿਲਾਂ ਵੀ ਕਈ ਅਤਿਵਾਦੀ ਹਮਲਿਆਂ ਨੂੰ ਅੰਜਾਮ ਦੇ ਚੁੱਕਿਆ ਹੈ। ਸੁਰੱਖਿਆ ਅਧਿਕਾਰੀ ਅਬਦੀ ਧੁਹੁਲ ਨੇ ਕਿਹਾ ਕਿ ਉਹਨਾਂ ਨੇ ਇਕ ਸਾਬਕਾ ਸਥਾਨਕ ਪ੍ਰਸ਼ਾਸਨ ਮੰਤਰੀ ਅਤੇ ਆਗੂਆਂ ਸਮੇਤ ਸੱਤ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਜੇ ਹਮਲਾ ਖ਼ਤਮ ਨਹੀਂ ਹੋਇਆ ਹੈ ਇਸ ਲਈ ਮ੍ਰਿਤਕ ਗਿਣਤੀ ਵਧ ਸਕਦੀ ਹੈ।
ਸੁਰੱਖਿਆ ਅਧਿਕਾਰੀ ਅਬਦੀਵੇਲੀ ਮੁਹੰਮਦ ਨੇ ਕਿਹਾ ਕਿ ਪਹਿਲਾਂ ਕਾਸਕੇਸੇ ਦੇ ਨਾਮ ਨਾਲ ਜਾਣੇ ਜਾਣ ਵਾਲੇ ਇਹ ਹੋਟਲ ਵਿਸਫੋਟ ਨਾਲ ਸਹਿਮ ਗਿਆ। ਇਹ ਹੋਟਲ ਕਿਸਮਾਓ ਵਿਚ ਸਥਿਤ ਹੈ। ਉਹਨਾਂ ਕਿਹਾ ਕਿ ਕਈ ਬੰਦੂਕਧਾਰੀ ਦਾਖਲ ਹੋਏ ਅਤੇ ਉਹਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਪਰ ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਦੋਵਾਂ ਪਾਸਿਆਂ ਤੋਂ ਮੁਠਭੇੜ ਸ਼ੁਰੂ ਹੋ ਗਈ। ਦਸਿਆ ਜਾ ਰਿਹਾ ਹੈ ਕਿ ਮਾਰੇ ਗਏ ਲੋਕਾਂ ਵਿਚ ਮਸ਼ਹੂਰ ਸਮਾਜਿਕ ਵਰਕਰ, ਉਸ ਦਾ ਪਤੀ ਅਤੇ ਇਕ ਸਥਾਨਕ ਪੱਤਰਕਾਰ ਵੀ ਸ਼ਾਮਲ ਹੈ।