
ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਉਹ ਇੱਥੇ ਰਹਿ ਰਹੇ ਹਾਂਗਕਾਂਗ ਦੇ ਘੱਟ ਤੋਂ ਘੱਟ 10,000 ਨਾਗਰਿਕਾਂ ਦਾ ਵਰਤਮਾਨ ਵੀਜ਼ਾ ਖ਼ਤਮ
ਸਿਡਨੀ, 12 ਜੁਲਾਈ : ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਉਹ ਇੱਥੇ ਰਹਿ ਰਹੇ ਹਾਂਗਕਾਂਗ ਦੇ ਘੱਟ ਤੋਂ ਘੱਟ 10,000 ਨਾਗਰਿਕਾਂ ਦਾ ਵਰਤਮਾਨ ਵੀਜ਼ਾ ਖ਼ਤਮ ਹੋਣ ਦੇ ਬਾਅਦ ਉਨ੍ਹਾਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਦਾ ਇਕ ਮੌਕਾ ਦੇਵੇਗਾ। ਦੇਸ਼ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਦੀ ਸਰਕਾਰ ਦਾ ਮੰਨਣਾ ਹੈ ਕਿ ਅਰਧ ਖੁਦਮੁਖਤਿਆਰੀ ਖੇਤਰ ਹਾਂਗਕਾਂਗ ਵਿਚ ਨਵੇਂ ਸਖ਼ਤ ਰਾਸ਼ਟਰੀ ਸੁਰੱਖਿਆ ਕਨੂੰਨ ਲਾਗੂ ਕਰਣ ਦਾ ਮੰਤਵ ਹੈ ਕਿ ਲੋਕਤੰਤਰ ਸਮਰਥਕਾਂ ਨੂੰ ਰਾਜਨੀਤਕ ਅੱਤਿਆਚਾਰ ਦਾ ਸਾਹਮਣਾ ਕਰਣਾ ਪੈ ਸਕਦਾ ਹੈ।
ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਏਲਨ ਟੁਡਗੇ ਨੇ ‘ਆਸਟ੍ਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ’ ਟੈਲੀਵਿਜ਼ਨ ਨੂੰ ਐਤਵਾਰ ਨੂੰ ਕਿਹਾ, ‘ਇਸ ਦਾ ਮਤਲਬ ਹੈ ਕਿ ਹਾਂਗਕਾਂਗ ਪਾਸਪੋਰਟ ਵਾਲੇ ਕਈ ਲੋਕ ਹੋਰ ਜਗ੍ਹਾਵਾਂ ’ਤੇ ਜਾਣ ਲਈ ਸਥਾਨ ਦੀ ਭਾਲ ਕਰਣਗੇ ਅਤੇ ਇਸ ਲਈ ਅਸੀਂ ਆਪਣਾ ਵੀਜ਼ਾ ਬਦਲ ਉਨ੍ਹਾਂ ਦੇ ਸਾਹਮਣੇ ਰਖਿਆ ਹੈ। ਉਨ੍ਹਾਂ ਕਿਹਾ ਕਿ ਸਥਾਈ ਨਿਵਾਸ ਪਾਉਣ ਲਈ ਬਿਨੈਕਾਰਾਂ ਨੂੰ ‘ਚਰਿੱਤਰ ਪ੍ਰੀਖਿਆ, ਰਾਸ਼ਟਰੀ ਸੁਰੱਖਿਆ ਪ੍ਰੀਖਿਆ ਅਤੇ ਇਸ ਪ੍ਰਕਾਰ ਦੀਆਂ ਹੋਰ ਪ੍ਰੀਖਿਆਵਾਂ’ ਪਾਸ ਕਰਨੀਆਂ ਹੋਣਗੀਆਂ।
File Photo
ਇਮੀਗ੍ਰੇਸ਼ਨ ਮੰਤਰੀ ਨੇ ਕਿਹਾ, ‘ਤਾਂ ਇਹ ਅਪਣੇ ਆਪ ਨਹੀਂ ਹੋਵੇਗਾ ਪਰ ਹਾਂ, ਸਥਾਈ ਨਿਵਾਸ ਲਈ ਇਹ ਆਸਾਨ ਰਸਤਾ ਹੈ ਅਤੇ ਇਕ ਵਾਰ ਤੁਸੀਂ ਸਥਾਈ ਨਿਵਾਸੀ ਹੋ ਗਏ ਤਾਂ ਉਸ ਦੇ ਬਾਅਦ ਨਾਗਰਿਕਤਾ ਦਾ ਰਸਤਾ ਹੈ।’ ਉਨ੍ਹਾਂ ਕਿਹਾ, ‘ਜੇਕਰ ਅਸਲ ਵਿਚ ਲੋਕਾਂ ’ਤੇ ਅੱਤਿਆਚਾਰ ਹੋ ਰਿਹਾ ਹੈ ਤਾਂ ਇਸ ਨੂੰ ਸਾਬਤ ਕਰਕੇ ਸਾਡੇ ਮਨੁੱਖਤਾਵਾਦੀ ਵੀਜ਼ੇ ਵਿਚੋਂ ਇਕ ਲਈ ਅਰਜ਼ੀ ਦਿਤੀ ਜਾ ਸਕਦੀ ਹੈ। ਮਾਰਿਸਨ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਆਸਟ੍ਰੇਲੀਆ ਨੇ ਹਾਂਗਕਾਂਗ ਨਾਲ ਅਪਣੀ ਹਵਾਲਗੀ ਸੰਧੀ ਖ਼ਤਮ ਕਰ ਦਿਤੀ ਹੈ ਅਤੇ ਹਾਂਗਕਾਂਗ ਦੇ ਨਾਗਰਿਕਾਂ ਦਾ ਵੀਜ਼ਾ 2 ਤੋਂ ਵਧਾ ਕੇ 5 ਸਾਲ ਕਰ ਦਿਤਾ ਗਿਆ ਹੈ। ਇਸ ’ਤੇ ਚੀਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਕੈਨਬਰਾ ਦੇ ਇਸ ਕਦਮ ’ਤੇ ‘ਅੱਗੇ ਦੀ ਕਾਰਵਾਈ’ ਲਈ ਉਸ ਦੇ ਅਧਿਕਾਰ ਸੁਰੱਖਿਅਤ ਹਨ। (ਪੀਟੀਆਈ)