
ਬ੍ਰਿਟੇਨ ਦੀ ਐੱਮ.ਆਈ-6 ਖੁਫ਼ੀਆ ਏਜੰਸੀ ਲਈ ਜਸੂਸੀ ਕਰਨ ਦਾ ਦੋਸ਼ ਲਗਾਇਆ ਗਿਆ ਸੀ
ਦੁਬਈ - ਉਸੇ ਵਿਅਕਤੀ ਦੀ ਸਜ਼ਾ-ਏ-ਮੌਤ ਵਿਰੁੱਧ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਅਤੇ ਅੰਤਰਰਾਸ਼ਟਰੀ ਰੌਲ਼ੇ-ਰੱਪੇ ਦੇ ਬਾਵਜੂਦ, ਈਰਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਕਿਸੇ ਸਮੇਂ ਇੱਥੋਂ ਦੇ ਰੱਖਿਆ ਮੰਤਰਾਲੇ ਲਈ ਕੰਮ ਕਰਨ ਵਾਲੇ ਇੱਕ ਦੋਹਰੇ ਈਰਾਨੀ-ਬ੍ਰਿਟਿਸ਼ ਨਾਗਰਿਕ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਹੈ।
ਦੇਸ਼ ਦੀ ਨਿਆਂਪਾਲਿਕਾ ਨਾਲ ਜੁੜੀ ਈਰਾਨ ਦੀ ਮਿਜ਼ਾਨ ਨਿਊਜ਼ ਏਜੰਸੀ ਨੇ ਅਲੀ ਰਜ਼ਾ ਅਕਬਰੀ ਨੂੰ ਫ਼ਾਂਸੀ ਦੇਣ ਬਾਰੇ ਜਾਣਕਾਰੀ ਦਿੱਤੀ ਹੈ।
ਇਹ ਨਹੀਂ ਦੱਸਿਆ ਕਿ ਇਹ ਕਦੋਂ ਹੋਇਆ। ਹਾਲਾਂਕਿ, ਅਜਿਹੀਆਂ ਅਫ਼ਵਾਹਾਂ ਜ਼ਰੂਰ ਸੀ ਕਿ ਉਸ ਨੂੰ ਕੁਝ ਦਿਨ ਪਹਿਲਾਂ ਫ਼ਾਂਸੀ ਦਿੱਤੀ ਜਾ ਚੁੱਕੀ ਹੈ।
ਈਰਾਨ ਨੇ ਬਿਨਾਂ ਸਬੂਤ ਪੇਸ਼ ਕੀਤੇ ਅਕਬਰੀ 'ਤੇ ਬ੍ਰਿਟੇਨ ਦੀ ਐੱਮ.ਆਈ-6 ਖੁਫ਼ੀਆ ਏਜੰਸੀ ਲਈ ਜਾਸੂਸੀ ਕਰਨ ਦਾ ਦੋਸ਼ ਲਗਾਇਆ ਸੀ।
ਸ਼ੁੱਕਰਵਾਰ ਨੂੰ, ਅਮਰੀਕੀ ਵਿਦੇਸ਼ ਵਿਭਾਗ ਦੇ ਉਪ-ਬੁਲਾਰੇ ਵੇਦਾਂਤ ਪਟੇਲ ਨੇ ਅਕਬਰੀ ਦੀ ਵਿਚਾਰ ਅਧੀਨ ਫ਼ਾਂਸੀ ਦੀ ਨਿਖੇਧੀ ਕੀਤੀ ਸੀ।
ਉਸ ਨੇ ਕਿਹਾ, “ਅਲੀ ਰਜ਼ਾ ਅਕਬਰੀ ਵਿਰੁੱਧ ਦੋਸ਼ ਅਤੇ ਉਸ ਨੂੰ ਫ਼ਾਂਸੀ ਦੀ ਸਜ਼ਾ ਸਿਆਸਤ ਤੋਂ ਪ੍ਰੇਰਿਤ ਸੀ। ਉਸ ਦੀ ਫ਼ਾਂਸੀ ਗ਼ੈਰ-ਸੰਵੇਦਨਸ਼ੀਲ ਹੋਵੇਗੀ। ਅਸੀਂ ਉਨ੍ਹਾਂ ਰਿਪੋਰਟਾਂ ਤੋਂ ਬਹੁਤ ਦੁਖੀ ਹਾਂ ਕਿ ਅਕਬਰੀ ਨੂੰ ਨਸ਼ੀਲੇ ਪਦਾਰਥ ਖੁਆਏ ਗਏ, ਹਿਰਾਸਤ ਦੌਰਾਨ ਤਸੀਹੇ ਦਿੱਤੇ ਗਏ, ਹਜ਼ਾਰਾਂ ਘੰਟੇ ਪੁੱਛਗਿੱਛ ਕੀਤੀ ਗਈ, ਅਤੇ ਝੂਠੇ ਕਬੂਲਨਾਮੇ ਕਰਨ ਲਈ ਮਜਬੂਰ ਕੀਤਾ ਗਿਆ।"
ਉਸ ਨੇ ਅੱਗੇ ਕਿਹਾ, "ਜ਼ਿਆਦਾ ਵਿਸਥਾਰ ਨਾਲ ਗੱਲ ਕਰੀਏ ਤਾਂ, ਈਰਾਨ ਦੀਆਂ ਮਨਮਾਨੀ ਭਰੀਆਂ ਅਤੇ ਬੇਇਨਸਾਫ਼ੀ ਵਾਲੀਆਂ ਨਜ਼ਰਬੰਦੀਆਂ, ਜ਼ਬਰਦਸਤੀ ਕਬੂਲਨਾਮੇ ਅਤੇ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਫ਼ਾਂਸੀ ਦਾ ਅਭਿਆਸ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ ਅਤੇ ਇਹ ਖ਼ਤਮ ਹੋਣੇ ਚਾਹੀਦੇ ਹਨ।"