
49 ਸਾਲਾ ਦੋਸ਼ੀ ਨੂੰ ਕੋਈ ਘਾਤਕ ਟੀਕਾ ਲਗਾ ਕੇ ਮੌਤ ਦੇ ਘਾਟ ਉਤਾਰਿਆ ਗਿਆ
ਵਾਸ਼ਿੰਗਟਨ - ਮੰਗਲਵਾਰ ਨੂੰ ਅਮਰੀਕਾ ਵਿੱਚ ਆਪਣੀ ਕਿਸਮ ਦੀ ਪਹਿਲੀ ਮੌਤ ਦੀ ਸਜ਼ਾ ਦਿੱਤੀ ਗਈ, ਜਿਸ 'ਚ ਕਤਲ ਦੇ ਦੋਸ਼ ਹੇਠ ਇੱਕ ਟ੍ਰਾਂਸਜੈਂਡਰ ਔਰਤ ਨੂੰ ਮੌਤ ਦੀ ਸਜ਼ਾ ਦਿੱਤੀ ਗਈ।
ਸੂਬੇ ਦੇ ਜੇਲ੍ਹ ਵਿਭਾਗ ਦੇ ਇੱਕ ਬਿਆਨ ਅਨੁਸਾਰ, ਐਮਬਰ ਮੈਕਲਾਫ਼ਲਿਨ (49) ਨੂੰ ਮਿਸੌਰੀ ਦੇ ਬੋਨੇ ਟੇਰੇ ਸ਼ਹਿਰ ਵਿੱਚ ਜਾਂਚ ਅਤੇ ਸੁਧਾਰ ਕੇਂਦਰ ਵਿੱਚ ਸਥਾਨਕ ਸਮੇਂ ਅਨੁਸਾਰ ਸ਼ਾਮ 7 ਵਜੇ ਤੋਂ ਪਹਿਲਾਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਇੱਕ ਸਥਾਨਕ ਮੀਡੀਆ ਅਦਾਰੇ ਦੇ ਦੱਸਣ ਅਨੁਸਾਰ ਮੈਕਲਾਫ਼ਲਿਨ ਨੂੰ ਘਾਤਕ ਟੀਕਾ ਲਗਾ ਕੇ ਮੌਤ ਦੇ ਘਾਟ ਉਤਾਰਿਆ ਗਿਆ।
ਮੈਕਲਾਫ਼ਲਿਨ ਅਮਰੀਕਾ ਵਿੱਚ ਮੌਤ ਦੀ ਸਜ਼ਾ ਦਿੱਤੇ ਜਾਣ ਵਾਲੀ ਪਹਿਲੀ ਟਰਾਂਸਜੈਂਡਰ ਸੀ, ਅਤੇ ਉਹ ਅਮਰੀਕਾ ਵਿੱਚ ਇਸ ਸਾਲ ਸਜ਼ਾ-ਏ-ਮੌਤ ਨਾਲ ਮਰਨ ਵਾਲਾ ਪਹਿਲਾ ਦੋਸ਼ੀ ਵੀ ਸੀ।
ਉਸ ਨੂੰ 2003 ਵਿੱਚ ਸੇਂਟ ਲੁਈਸ ਇਲਾਕੇ 'ਚ ਇੱਕ ਔਰਤ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਦਾ ਨਾਂਅ ਬੈਵਰਲੀ ਗੁਏਂਥਰ ਸੀ।
ਦੱਸਿਆ ਗਿਆ ਹੈ ਕਿ ਗੁਏਂਥਰ ਨਾਲ ਬਲਾਤਕਾਰ ਕੀਤਾ ਗਿਆ, ਅਤੇ ਰਸੋਈ ਵਾਲਾ ਚਾਕੂ ਮਾਰ ਮਾਰ ਕੇ ਉਸ ਦਾ ਕਤਲ ਕੀਤਾ ਗਿਆ। ਉਸ ਦੀ ਲਾਸ਼ ਮਿਸੀਸਿਪੀ ਨਦੀ ਦੇ ਨੇੜੇ ਸੁੱਟ ਦਿੱਤੀ ਗਈ ਸੀ।
ਇੱਕ ਜਿਊਰੀ ਨੇ ਮੈਕਲਾਫ਼ਲਿਨ ਨੂੰ 2006 ਵਿੱਚ ਕਤਲ ਦਾ ਦੋਸ਼ੀ ਪਾਇਆ ਸੀ, ਪਰ ਇਸ ਗੱਲ 'ਤੇ ਅਸਮੰਜਸ ਰਿਹਾ ਕਿ ਉਸ ਨੂੰ ਸਜ਼ਾ ਕੀ ਮਿਲਣੀ ਚਾਹੀਦੀ ਹੈ।
ਇੱਕ ਟ੍ਰਾਇਲ ਜੱਜ ਦੇ ਦਾਖਲੇ ਨਾਲ ਇਸ ਗੱਲ ਦਾ ਇੱਕ ਪਾਸਾ ਹੋਇਆ, ਅਤੇ ਉਸ ਨੇ ਮੈਕਲਾਫ਼ਲਿਨ ਨੂੰ ਸਜ਼ਾ-ਏ-ਮੌਤ ਸੁਣਾਈ। ਮਿਸੌਰੀ ਦੇ ਨਾਲ-ਨਾਲ ਇੰਡੀਆਨਾ ਵਿੱਚ ਵੀ ਅਜਿਹੇ ਦਖਲ ਦੀ ਇਜਾਜ਼ਤ ਹੈ।