
ਇਹ ਵੀਡੀਉ ਦੂਜੇ ਦੇਸ਼ਾਂ ਵਿਚ ਉਪਲਬਧ ਰਹੇਗੀ
Hardeep Nijjar News: ਭਾਰਤ ਦੇ ਹੁਕਮਾਂ 'ਤੇ ਯੂਟਿਊਬ ਨੇ ਕੈਨੇਡਾ ਦੇ ਇਕ ਚੈਨਲ 'ਤੇ ਪ੍ਰਸਾਰਿਤ ਹੋਣ ਵਾਲੇ ਗਰਮਖਿਆਲੀ ਪੱਖੀ ਪ੍ਰੋਗਰਾਮ 'ਤੇ ਰੋਕ ਲਗਾ ਦਿਤੀ ਹੈ। ਦਰਅਸਲ, ਸ਼ੁੱਕਰਵਾਰ ਨੂੰ ਕੈਨੇਡੀਅਨ ਟੀਵੀ ਚੈਨਲ ਸੀਬੀਸੀ 'ਤੇ 45 ਮਿੰਟ ਦੀ ਰੀਪੋਰਟ ਪ੍ਰਸਾਰਿਤ ਕੀਤੀ ਗਈ ਸੀ। ਇਸ ਰੀਪੋਰਟ ਵਿਚ ਪਿਛਲੇ ਸਾਲ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਵੇਰਵੇ ਦਿਤੇ ਗਏ ਸਨ।
ਇਹ ਰੀਪੋਰਟ 'ਦ ਫਿਫਥ ਅਸਟੇਟ' ਪ੍ਰੋਗਰਾਮ 'ਤੇ ਪ੍ਰਸਾਰਿਤ ਕੀਤੀ ਗਈ ਸੀ। ਇਸ ਵਿਚ ਵੱਖਵਾਦੀ ਸਮੂਹ ਸਿੱਖਸ ਫਾਰ ਜਸਟਿਸ (SFJ) ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨਾਲ ਇਕ ਲੰਮੀ ਇੰਟਰਵਿਊ ਵੀ ਸ਼ਾਮਲ ਹੈ। ਦੱਸ ਦੇਈਏ ਕਿ 'ਦ ਫਿਫਥ ਅਸਟੇਟ' ਕੈਨੇਡੀਅਨ ਖੋਜੀ ਦਸਤਾਵੇਜ਼ੀ ਸੀਰੀਜ਼ ਹੈ। ਇਹ ਲੜੀ CBS ਨੈੱਟਵਰਕ 'ਤੇ ਪ੍ਰਸਾਰਿਤ ਹੁੰਦੀ ਹੈ।
ਸੀਬੀਸੀ ਨੇ ਬੁੱਧਵਾਰ ਨੂੰ ਜਾਣਕਾਰੀ ਦਿਤੀ ਕਿ ਉਸ ਨੂੰ ਯੂਟਿਊਬ ਤੋਂ ਇਕ ਈਮੇਲ ਮਿਲੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਉਸ ਦੇ ਟੀਵੀ ਪ੍ਰੋਗਰਾਮ ਨੂੰ ਭਾਰਤ ਵਿਚ ਬਲੌਕ ਕਰ ਦਿਤਾ ਗਿਆ ਹੈ। ਹਾਲਾਂਕਿ ਇਹ ਵੀਡੀਉ ਦੂਜੇ ਦੇਸ਼ਾਂ ਵਿਚ ਉਪਲਬਧ ਹੈ। ਸੀਬੀਸੀ ਨੇ ਕਿਹਾ ਕਿ ਯੂਟਿਊਬ ਨੇ ਅਪਣੀ ਫਾਈਲਿੰਗ ਵਿਚ ਭਾਰਤ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਆਦੇਸ਼ ਦਾ ਹਵਾਲਾ ਦਿਤਾ ਹੈ। ਇਸ ਤੋਂ ਬਾਅਦ ਯੂਟਿਊਬ ਨੇ ਭਾਰਤ ਵਿਚ ਇਸ ਵੀਡੀਉਜ਼ ਦੀ ਐਕਸੈਸ ਨੂੰ ਬਲਾਕ ਕਰ ਦਿਤਾ।
ਸੀਬੀਸੀ ਨੇ ਇਹ ਵੀ ਦਸਿਆ ਕਿ ਭਾਰਤ ਸਰਕਾਰ ਨੇ ਐਕਸ ਨੂੰ ਵੀ ਇਸ ਵੀਡੀਉ ਨੂੰ ਬਲਾਕ ਕਰਨ ਲਈ ਕਿਹਾ ਸੀ। ਇਸ ਸਬੰਧ ਵਿਚ ਐਕਸ ਨੇ ਸੀਬੀਸੀ ਨੂੰ ਦਸਿਆ, "ਭਾਰਤੀ ਕਾਨੂੰਨ X ਨੂੰ ਭਾਰਤ ਵਿਚ ਇਸ ਸਮੱਗਰੀ ਨੂੰ ਬਲੌਕ ਕਰਨ ਲਈ ਮਜਬੂਰ ਕਰਦਾ ਹੈ; ਹਾਲਾਂਕਿ, ਸਮੱਗਰੀ ਦੂਜੇ ਦੇਸ਼ਾਂ ਵਿਚ ਉਪਲਬਧ ਰਹਿੰਦੀ ਹੈ। ਅਸੀਂ ਵਰਤਮਾਨ ਵਿਚ ਇਸ ਕਾਰਵਾਈ ਨਾਲ ਅਸਹਿਮਤ ਹਾਂ ਅਤੇ ਮੰਨਦੇ ਹਾਂ ਕਿ ਪ੍ਰਗਟਾਵੇ ਦੀ ਆਜ਼ਾਦੀ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਭਾਰਤੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕਰਦੇ ਹੋਏ ਅਸੀਂ ਇਸ ਸਮੇਂ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਾਂ।"
ਪ੍ਰੋਗਰਾਮ ਵਿਚ ਸੀਬੀਸੀ ਨੇ ਕਿਹਾ ਸੀ ਕਿ ਉਸ ਨੇ ਭਾਰਤ ਦਾ ਪੱਖ ਪੇਸ਼ ਕਰਨ ਲਈ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਕੀਤਾ ਸੀ ਪਰ ਕੋਈ ਜਵਾਬ ਨਹੀਂ ਮਿਲਿਆ। ਹਾਲਾਂਕਿ ਓਟਾਵਾ ਵਿਚ ਭਾਰਤ ਦੇ ਹਾਈ ਕਮਿਸ਼ਨਰ, ਸੰਜੇ ਕੁਮਾਰ ਵਰਮਾ, ਕਈ ਕੈਨੇਡੀਅਨ ਨੈੱਟਵਰਕਾਂ 'ਤੇ ਦਿਖਾਈ ਦਿਤੇ ਅਤੇ ਕਈ ਆਉਟਲੈਟਾਂ ਦੁਆਰਾ ਉਨ੍ਹਾਂ ਦੀ ਇੰਟਰਵਿਊ ਵੀ ਕੀਤੀ ਗਈ ਹੈ, ਉਹ ਸੀਬੀਸੀ 'ਤੇ ਦਿਖਾਈ ਨਹੀਂ ਦਿਤੇ।
ਸੀਬੀਸੀ ਦੇ ਬੁਲਾਰੇ ਨੇ ਕਿਹਾ, "ਅਸੀਂ ਦ ਫਿਫਥ ਅਸਟੇਟ ਦੀਆਂ ਸਾਰੀਆਂ ਕਹਾਣੀਆਂ ਦੀ ਡੂੰਘਾਈ ਨਾਲ ਜਾਂਚ ਕਰਦੇ ਹਾਂ। 'ਕੰਟਰੈਕਟ ਟੂ ਕਿਲ' ਐਪੀਸੋਡ ਦੀ ਵੀ ਚੰਗੀ ਤਰ੍ਹਾਂ ਖੋਜ ਕੀਤੀ ਗਈ, ਸੀਨੀਅਰ ਸੰਪਾਦਕਾਂ ਦੁਆਰਾ ਜਾਂਚ ਕੀਤੀ ਗਈ ਸੀ, ਅਤੇ ਇਹ ਸਾਡੇ ਪੱਤਰਕਾਰੀ ਮਾਪਦੰਡਾਂ ਨੂੰ ਪੂਰਾ ਕਰਦਾ ਹੈ।"
ਇੰਡੋ-ਕੈਨੇਡੀਅਨ ਭਾਈਚਾਰੇ ਦੇ ਕੁੱਝ ਮੈਂਬਰਾਂ ਨੇ ਵੀ ਪ੍ਰੋਗਰਾਮ ਦੀ ਆਲੋਚਨਾ ਕੀਤੀ ਹੈ। ਇਨ੍ਹਾਂ ਵਿਚ ਸਰੀ ਸਥਿਤ ਰੇਡੀਓ ਇੰਡੀਆ ਦੇ ਐਮਡੀ ਮਨਿੰਦਰ ਸਿੰਘ ਗਿੱਲ ਵੀ ਸ਼ਾਮਲ ਸਨ। 10 ਮਾਰਚ ਨੂੰ ਸੀਬੀਸੀ ਦੀ ਚੇਅਰ ਕੈਥਰੀਨ ਟੈਟ ਨੂੰ ਲਿਖੇ ਇਕ ਪੱਤਰ ਵਿਚ, ਉਨ੍ਹਾਂ ਨੇ ਪ੍ਰੋਗਰਾਮ ਨੂੰ "ਪੱਖਪਾਤੀ" ਅਤੇ "ਝੂਠਾ ਪ੍ਰਚਾਰ" ਦਸਿਆ।
(For more Punjabi news apart from YouTube blocks access to CBC story on Hardeep Nijjar killing News, stay tuned to Rozana Spokesman)