ਹੈਦਰਾਬਾਦ ਨਾਲ ਸਬੰਧਤ ਸੀ ਮ੍ਰਿਤਕਾ
ਲੰਡਨ : ਹੈਦਰਾਬਾਦ ਦੀ ਰਹਿਣ ਵਾਲੀ ਇਕ ਵਿਦਿਆਰਥਣ ਦੀ ਲੰਡਨ ਵਿਚ ਉਸ ਦੇ ਫਲੈਟਮੇਟ ਨੇ ਚਾਕੂ ਮਾਰ ਕੇ ਹੱਤਿਆ ਕਰ ਦਿਤੀ। ਕੋਂਥਮ ਤੇਜਸਵਿਨੀ ਰੈੱਡੀ (27) ਲੰਡਨ ਦੇ ਵੈਂਬਲੇ ਵਿਚ ਆਪਣੇ ਦੋਸਤਾਂ ਨਾਲ ਰਹਿੰਦੀ ਸੀ। 6 ਦਿਨ ਪਹਿਲਾਂ ਇੱਕ ਬ੍ਰਾਜ਼ੀਲੀਅਨ ਵਿਅਕਤੀ ਉਨ੍ਹਾਂ ਦੇ ਫਲੈਟ ਵਿਚ ਰਹਿਣ ਲਈ ਆਇਆ ਸੀ।
ਦੋਸ਼ ਹੈ ਕਿ ਮੰਗਲਵਾਰ ਸਵੇਰੇ ਉਸੇ ਵਿਅਕਤੀ ਨੇ ਤੇਜਸਵਿਨੀ ਦੀ ਹੱਤਿਆ ਕਰ ਦਿਤੀ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤੇਜਸਵਿਨੀ ਪਿਛਲੇ ਸਾਲ ਮਾਰਚ ਵਿਚ ਆਪਣੀ ਮਾਸਟਰਜ਼ ਕਰਨ ਲਈ ਲੰਡਨ ਗਈ ਸੀ।
ਮੈਟਰੋਪੋਲੀਟਨ ਪੁਲਿਸ ਨੇ ਦਸਿਆ ਕਿ ਤੇਜਸਵਿਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਮੁਲਜ਼ਮਾਂ ਨੇ ਤੇਜਸਵਿਨੀ ਤੋਂ ਇਲਾਵਾ ਅਖਿਲਾ ਨਾਂ ਦੀ ਲੜਕੀ 'ਤੇ ਵੀ ਹਮਲਾ ਕੀਤਾ। ਅਖਿਲਾ ਦਾ ਇਲਾਜ ਚੱਲ ਰਿਹਾ ਹੈ ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਦੋਵਾਂ 'ਤੇ ਹਮਲਾ ਕਰਨ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।
ਪੁਲਿਸ ਨੇ ਮੌਕੇ ਤੋਂ 24 ਸਾਲਾ ਲੜਕੇ ਅਤੇ 23 ਸਾਲਾ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਅਦ ਵਿਚ ਲੜਕੀ ਨੂੰ ਛੱਡ ਦਿਤਾ ਗਿਆ। ਲੜਕਾ ਅਜੇ ਪੁਲਿਸ ਦੀ ਹਿਰਾਸਤ ਵਿਚ ਹੈ। ਘਟਨਾ ਤੋਂ ਬਾਅਦ ਪੁਲਿਸ ਨੂੰ ਇੱਕ ਹੋਰ ਸ਼ੱਕੀ ਮੁਲਜ਼ਮ ਦੀ ਭਾਲ ਸੀ। ਪੁਲਿਸ ਨੇ ਸੋਸ਼ਲ ਮੀਡੀਆ 'ਤੇ ਕੇਵਿਨ ਐਂਟੋਨੀਓ ਲੋਰੇਂਕੋ ਨਾਂ ਦੇ ਵਿਅਕਤੀ ਦੀ ਫੋਟੋ ਪਾ ਕੇ ਲੋਕਾਂ ਨੂੰ ਉਸ ਬਾਰੇ ਜਾਣਕਾਰੀ ਦੇਣ ਲਈ ਕਿਹਾ ਸੀ। ਉਸ ਨੂੰ ਮੰਗਲਵਾਰ ਸ਼ਾਮ 6 ਵਜੇ ਗ੍ਰਿਫ਼ਤਾਰ ਕੀਤਾ ਗਿਆ
ਡਿਟੈਕਟਿਵ ਚੀਫ਼ ਇੰਸਪੈਕਟਰ ਲਿੰਡਾ ਬ੍ਰੈਡਲੇ ਨੇ ਕਿਹਾ ਕਿ ਜਾਂਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਮੈਂ ਸ਼ੱਕੀ ਬਾਰੇ ਜਾਣਕਾਰੀ ਦੇਣ ਲਈ ਲੋਕਾਂ ਦਾ ਧੰਨਵਾਦ ਕਰਦਾ ਹਾਂ। ਉਹ ਫਿਲਹਾਲ ਸਾਡੀ ਹਿਰਾਸਤ ਵਿਚ ਹੈ। ਅਸੀਂ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹਾਂ। ਮੈਂ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਸ ਮਾਮਲੇ ਦੀ ਜਾਂਚ ਲਈ ਜਾਸੂਸਾਂ ਦੀ ਇੱਕ ਸਮਰਪਿਤ ਟੀਮ ਬਣਾਈ ਗਈ ਹੈ।