ਬਣਾਇਆ ਗਿਨੀਜ਼ ਵਰਲਡ ਰੀਕਾਰਡ
ਕੋਲੰਬੋ: ਸ਼੍ਰੀਲੰਕਾ ਦੇ ਫ਼ੌਜੀ ਡਾਕਟਰਾਂ ਦੀ ਇਕ ਟੀਮ ਨੇ ਦੁਨੀਆਂ ਦੇ ਸਭ ਤੋਂ ਵੱਡੇ ਗੁਰਦੇ ਦੀ ਪਥਰੀ ਨੂੰ ਸਰਜਰੀ ਨਾਲ ਹਟਾ ਕੇ ਗਿਨੀਜ਼ ਵਰਲਡ ਰੀਕਾਰਡ ਬਣਾਇਆ ਹੈ। ਅਜਿਹਾ ਕਰ ਕੇ ਸ਼੍ਰੀਲੰਕਾਈ ਡਾਕਟਰਾਂ ਨੇ ਭਾਰਤੀ ਡਾਕਟਰਾਂ ਵਲੋਂ 2004 ਵਿਚ ਬਣਾਏ ਪਿਛਲੇ ਰੀਕਾਰਡ ਨੂੰ ਤੋੜ ਦਿਤਾ ਹੈ।
ਸ਼੍ਰੀਲੰਕਾ ਦੀ ਫ਼ੌਜ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ 13.372 ਸੈਂਟੀਮੀਟਰ ਲੰਮੀ ਅਤੇ 801 ਗ੍ਰਾਮ ਭਾਰ ਵਾਲੀ ਪਥਰੀ ਇਸ ਮਹੀਨੇ ਦੇ ਸ਼ੁਰੂ ਵਿਚ ਕੋਲੰਬੋ ਦੇ ਮਿਲਟਰੀ ਹਸਪਤਾਲ ਵਿਚ ਸਰਜਰੀ ਰਾਹੀਂ ਕਢ ਦਿਤੀ ਗਈ ਸੀ।
ਮੌਜੂਦਾ ਗਿਨੀਜ਼ ਵਰਲਡ ਰੀਕਾਰਡ ਅਨੁਸਾਰ, ਦੁਨੀਆਂ ਦੀ ਸਭ ਤੋਂ ਵੱਡੀ ਗੁਰਦੇ ਦੀ ਪਥਰੀ (ਲਗਭਗ 13 ਸੈਂਟੀਮੀਟਰ) ਨੂੰ 2004 ਵਿਚ ਭਾਰਤ ਵਿਚ ਸਰਜਰੀ ਨਾਲ ਹਟਾਇਆ ਗਿਆ ਸੀ, ਜਦੋਂ ਕਿ ਸਭ ਤੋਂ ਭਾਰੀ ਗੁਰਦੇ ਦੀ ਪਥਰੀ (620 ਗ੍ਰਾਮ) ਨੂੰ 2008 ਵਿਚ ਪਾਕਿਸਤਾਨ ਵਿਚ ਸਰਜਰੀ ਨਾਲ ਕਢਿਆ ਗਿਆ ਸੀ।
ਰੀਕਾਰਡ ਦੀ ਪੁਸ਼ਟੀ ਕਰਦੇ ਹੋਏ, ਗਿਨੀਜ਼ ਵਰਲਡ ਰਿਕਾਰਡਸ ਨੇ ਕਿਹਾ, ‘‘ਸਭ ਤੋਂ ਵੱਡੀ ਗੁਰਦੇ ਦੀ ਪਥਰੀ 13.372 ਸੈਂਟੀਮੀਟਰ (5.264 ਇੰਚ) ਮਾਪੀ ਗਈ ਹੈ, ਅਤੇ ਇਸ ਨੂੰ 1 ਜੂਨ, 2023 ਨੂੰ ਕੋਲੰਬੋ, ਸ਼੍ਰੀਲੰਕਾ ਵਿਚ ਕੈਨਿਸਟਸ ਕੁੰਗੇ (ਸ਼੍ਰੀਲੰਕਾ) ਵਿਚ ਸਰਜਰੀ ਰਾਹੀਂ ਕੱਢੀ ਗਈ।’’
ਉਨ੍ਹਾਂ ਕਿਹਾ ਕਿ 2004 ਤੋਂ 13 ਸੈਂਟੀਮੀਟਰ ਦਾ ਪਿਛਲਾ ਰੀਕਾਰਡ ਅਜੇ ਤਕ ਨਹੀਂ ਟੁਟਿਆ ਸੀ। ਸ਼੍ਰੀਲੰਕਾ ਫ਼ੌਜ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਸਰਜਰੀ ਸਲਾਹਕਾਰ ਯੂਰੋਲੋਜਿਸਟ ਅਤੇ ਹਸਪਤਾਲ ਵਿਚ ਜੈਨੀਟੋ ਯੂਰੀਨਰੀ ਯੂਨਿਟ ਦੇ ਮੁਖੀ ਲੈਫ਼ਟੀਨੈਂਟ ਕਰਨਲ (ਡਾ.) ਕੇ. ਸੁਦਰਸ਼ਨ ਨੇ ਕੈਪਟਨ (ਡਾ.) ਡਬਲਯੂ.ਪੀ.ਐੱਸ.ਸੀ ਪਤਿਰਤਨਾ ਅਤੇ ਡਾ. ਤਮਸ਼ਾ ਪ੍ਰੇਮਤਿਲਕਾ ਨਾਲ ਮਿਲ ਕੇ ਕੀਤੀ।