
US President News: ਜੋ ਬਿਡੇਨ ਨੇ ਡੋਨਾਲਡ 'ਤੇ ਹੋਏ ਹਮਲੇ ਦੀ ਨਿੰਦਾ
US President attack in history News in punjabi: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਹਮਲਾ ਹੋਇਆ ਹੈ। ਉਨ੍ਹਾਂ ਦੀ ਰੈਲੀ ਦੌਰਾਨ ਗੋਲੀਬਾਰੀ ਕੀਤੀ ਗਈ। ਕਈ ਰਾਉਂਡ ਫਾਇਰਿੰਗ ਹੋਈ। ਇਸ 'ਚ ਟਰੰਪ ਵੀ ਜ਼ਖ਼ਮੀ ਹੋਏ ਹਨ। ਹਾਲਾਂਕਿ, ਉਹ ਸੁਰੱਖਿਅਤ ਹਨ। ਅਮਰੀਕੀ ਸੀਕਰੇਟ ਸਰਵਿਸ ਨੇ ਕਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਵਿੱਚ ਇੱਕ ਹਮਲਾਵਰ ਮਾਰਿਆ ਗਿਆ ਅਤੇ ਰੈਲੀ ਵਿੱਚ ਸ਼ਾਮਲ ਇੱਕ ਵਿਅਕਤੀ ਵੀ ਮਾਰਿਆ ਗਿਆ। ਜੋ ਵੀਡੀਓ ਸਾਹਮਣੇ ਆਇਆ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਹਮਲਾ ਟਰੰਪ ਦੀ ਹੱਤਿਆ ਕਰਨ ਲਈ ਕੀਤਾ ਗਿਆ ਸੀ।
ਗੋਲੀਬਾਰੀ 'ਚ ਇਕ ਗੋਲੀ ਉਨ੍ਹਾਂ ਦੇ ਕੰਨ ਕੋਲੋਂ ਲੰਘੀ, ਜਿਸ ਤੋਂ ਬਾਅਦ ਟਰੰਪ ਜ਼ਮੀਨ 'ਤੇ ਡਿੱਗ ਪਏ। ਉਸ ਦੇ ਚਿਹਰੇ 'ਤੇ ਵੀ ਖੂਨ ਨਜ਼ਰ ਆ ਰਿਹਾ ਸੀ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਅਮਰੀਕਾ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਹਾਲਾਂਕਿ, ਅਮਰੀਕਾ ਵਿੱਚ ਕਿਸੇ ਰਾਸ਼ਟਰਪਤੀ ਜਾਂ ਸਾਬਕਾ ਰਾਸ਼ਟਰਪਤੀ ਦੀ ਹੱਤਿਆ ਜਾਂ ਹੱਤਿਆ ਦੀ ਕੋਸ਼ਿਸ਼ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਰਾਸ਼ਟਰਪਤੀਆਂ ਅਤੇ ਸਾਬਕਾ ਰਾਸ਼ਟਰਪਤੀਆਂ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਰਾਸ਼ਟਰਪਤੀ ਐਂਡਰਿਊ ਜੈਕਸਨ: ਅਮਰੀਕਾ ਵਿੱਚ, 1835 ਵਿਚ, ਰਿਚਰਡ ਲਾਰੈਂਸ ਨੇ ਕੈਪੀਟਲ ਬਿਲਡਿੰਗ ਦੇ ਬਾਹਰ ਰਾਸ਼ਟਰਪਤੀ ਜੈਕਸਨ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਅੰਤਿਮ ਸਸਕਾਰ 'ਚ ਸ਼ਾਮਲ ਹੋਣ ਜਾ ਰਹੇ ਸਨ। ਰਾਸ਼ਟਰਪਤੀ ਜੈਕਸਨ 'ਤੇ ਦੋ ਗੋਲੀਆਂ ਚਲਾਈਆਂ ਗਈਆਂ। ਹਾਲਾਂਕਿ, ਉਹ ਬਚ ਗਏ ਸਨ।
ਅਬ੍ਰਾਹਮ ਲਿੰਕਨ: ਅਮਰੀਕਾ ਦੇ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਨੂੰ 1865 ਵਿੱਚ ਇੱਕ ਥੀਏਟਰ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਵੀ ਸੰਨ 1861 ਅਤੇ 1864 ਵਿੱਚ ਦੋ ਵਾਰ ਉਸ ਦਾ ਕਤਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।
ਜੇਮਸ ਏ. ਗਾਰਫੀਲਡ: ਵਾਸ਼ਿੰਗਟਨ, ਡੀ.ਸੀ., 1881 ਵਿੱਚ ਬਾਲਟੀਮੋਰ ਅਤੇ ਪੋਟੋਮੈਕ ਰੇਲਵੇ ਸਟੇਸ਼ਨ 'ਤੇ ਰਾਸ਼ਟਰਪਤੀ ਜੇਮਸ ਏ. ਗਾਰਫੀਲਡ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਉਸ ਨੂੰ ਦੋ ਗੋਲੀਆਂ ਲੱਗੀਆਂ। 19 ਸਤੰਬਰ 1881 ਨੂੰ ਮੌਤ ਹੋ ਗਈ।
ਵਿਲੀਅਮ ਮੈਕਕਿਨਲੇ: 6 ਸਤੰਬਰ, 1901 ਨੂੰ, ਅਮਰੀਕੀ ਰਾਸ਼ਟਰਪਤੀ ਵਿਲੀਅਮ ਮੈਕਕਿਨਲੇ ਨੂੰ ਇੱਕ ਜਨਤਕ ਸਮਾਗਮ ਵਿੱਚ ਦੋ ਵਾਰ ਗੋਲੀ ਮਾਰ ਦਿੱਤੀ ਗਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਫ੍ਰੈਂਕਲਿਨ ਡੀ. ਰੂਜ਼ਵੈਲਟ: ਟਰੰਪ ਵਾਂਗ, 1912 ਦੀ ਚੋਣ ਮੁਹਿੰਮ ਦੌਰਾਨ ਫ੍ਰੈਂਕਲਿਨ ਡੀ. ਰੂਜ਼ਵੈਲਟ 'ਤੇ ਹਮਲਾ ਹੋਇਆ ਸੀ। ਮਿਲਵਾਕੀ ਵਿਚ ਭਾਸ਼ਣ ਦੇਣ ਲਈ ਜਾਂਦੇ ਸਮੇਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ। 1933 ਵਿਚ ਰਾਸ਼ਟਰਪਤੀ ਦੇ ਅਹੁਦੇ 'ਤੇ ਰਹਿੰਦੇ ਹੋਏ ਵੀ ਉਨ੍ਹਾਂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਹੈਰੀ ਐਸ. ਟਰੂਮੈਨ: ਰੂਜ਼ਵੈਲਟ ਦੀ ਮੌਤ ਤੋਂ ਬਾਅਦ ਟਰੂਮੈਨ ਨੇ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ। 1950 ਵਿਚ ਉਸ ਨੂੰ ਪੋਰਟੋ ਰੀਕਨ ਦੇ ਰਾਸ਼ਟਰਵਾਦੀਆਂ ਨੇ ਵ੍ਹਾਈਟ ਹਾਊਸ ਦੇ ਸਾਹਮਣੇ ਗੋਲੀ ਮਾਰ ਦਿੱਤੀ ਸੀ।
ਜੌਨ ਐੱਫ. ਕੈਨੇਡੀ: ਅਮਰੀਕੀ ਰਾਸ਼ਟਰਪਤੀ ਕੈਨੇਡੀ ਦੀ ਕਾਰ ਨੂੰ ਉਡਾਉਣ ਦੀ ਯੋਜਨਾ ਬਣਾਈ ਗਈ ਸੀ ਪਰ ਇਹ ਸਾਜ਼ਿਸ਼ ਨਾਕਾਮ ਹੋ ਗਈ। ਇਸ ਤੋਂ ਬਾਅਦ 1963 ਵਿੱਚ ਕੈਨੇਡੀ ਦੀ ਹੱਤਿਆ ਕਰ ਦਿੱਤੀ ਗਈ।
ਗੈਰਾਲਡ ਫੋਰਡ: ਕੈਲੀਫੋਰਨੀਆ ਵਿੱਚ ਅਮਰੀਕੀ ਰਾਸ਼ਟਰਪਤੀ ਫੋਰਡ ਦੀ ਹੱਤਿਆ ਦੀਆਂ ਦੋ ਵੱਖ-ਵੱਖ ਕੋਸ਼ਿਸ਼ਾਂ ਹੋਈਆਂ, ਦੋਵਾਂ ਵਾਰਦਾਤਾਂ ਨੂੰ ਔਰਤਾਂ ਵਲੋਂ ਅੰਜਾਮ ਦਿਤਾ ਗਿਆ ਸੀ।
ਰੋਨਾਲਡ ਰੀਗਨ: ਰੀਗਨ ਨੂੰ 1981 ਵਿੱਚ ਵਾਸ਼ਿੰਗਟਨ ਦੇ ਇੱਕ ਹੋਟਲ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ।
ਜਾਰਜ ਡਬਲਯੂ. ਬੁਸ਼: 2005 ਵਿੱਚ ਜਾਰਜੀਆ ਵਿੱਚ ਇੱਕ ਭਾਸ਼ਣ ਦੌਰਾਨ ਬੁਸ਼ ਉੱਤੇ ਇੱਕ ਗ੍ਰੇਨੇਡ ਸੁੱਟਿਆ ਗਿਆ ਸੀ, ਪਰ ਫਟਿਆ ਨਹੀਂ ਸੀ।
ਬਰਾਕ ਓਬਾਮਾ: ਇੱਕ ਵਿਅਕਤੀ 'ਤੇ 2011 ਦੇ ਵ੍ਹਾਈਟ ਹਾਊਸ ਗੋਲੀਬਾਰੀ ਦੌਰਾਨ ਓਬਾਮਾ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਸੀ।