ਸ਼ਾਂਤੀਪੂਰਨ ਅਸੈਂਬਲੀ ਤੇ ਪਬਲਿਕ ਆਰਡਰ ਐਕਟ 2024 ਤਹਿਤ ਗ੍ਰਿਫ਼ਤਾਰ
ਇਸਲਾਮਾਬਾਦ : ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਅੱਯਾਜ਼ ਸੱਦੀਕ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਦੇ ਸੰਸਦ ਮੈਂਬਰਾਂ ਲਈ ਇੱਥੇ ਸੰਸਦ ਦੀ ਲੌਜ ਨੂੰ ਹੀ ਸਬ-ਜੇਲ ਐਲਾਨ ਦਿਤਾ ਹੈ। ਵਰਣਨਯੋਗ ਹੈ ਕਿ ਹਾਲ ਹੀ ਵਿਚ ਇਨ੍ਹਾਂ ਸੰਸਦ ਮੈਂਬਰਾਂ ਨੂੰ ਅਤਿਵਾਦ ਵਿਰੋਧੀ ਕਾਨੂੰਨ ਅਤੇ ਪਿਛੇ ਜਿਹੇ ਲਾਗੂ ਕੀਤੇ ਗਏ ਸ਼ਾਂਤੀਪੂਰਨ ਅਸੈਂਬਲੀ ਤੇ ਪਬਲਿਕ ਆਰਡਰ ਐਕਟ 2024 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਦੂਜੇ ਪਾਸੇ ਇਸਲਾਮਾਬਾਦ ਹਾਈ ਕੋਰਟ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਗ੍ਰਿਫ਼ਤਾਰ 10 ਸੰਸਦ ਮੈਂਬਰਾਂ ਦਾ ਰਿਮਾਂਡ ਰੱਦ ਕਰ ਕੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਹੈ।
ਨੈਸ਼ਨਲ ਅਸੈਂਬਲੀ ਸਕੱਤਰੇਤ ਦੇ ਇਕ ਅਧਿਕਾਰੀ ਨੇ ਗ੍ਰਹਿ ਮੰਤਰਾਲੇ ਦੇ ਸਕੱਤਰ ਨੂੰ ਲਿਖੇ ਪੱਤਰ ’ਚ ਕਿਹਾ, ‘‘ਮੈਨੂੰ ਰਾਸ਼ਟਰੀ ਅਸੈਂਬਲੀ ਦੇ ਸਪੀਕਰ ਵੱਲੋਂ 11 ਸਤੰਬਰ ਨੂੰ ਹਾਲ ਹੀ ’ਚ ਗ੍ਰਿਫ਼ਤਾਰ ਕੀਤੇ ਗਏ 10 ਪੀ.ਟੀ.ਆਈ. ਸੰਸਦ ਮੈਂਬਰਾਂ ਦੇ ਸਬੰਧ ’ਚ ਜਾਰੀ ਹੁਕਮ ਦਾ ਹਵਾਲਾ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ, ਤਾਂ ਜੋ ਉਹ ਨੈਸ਼ਨਲ ਅਸੈਂਬਲੀ ਦੇ 9ਵੇਂ ਸੈਸ਼ਨ ਦੀ ਮੀਟਿੰਗ ਵਿਚ ਹਿੱਸਾ ਲੈ ਸਕਣ। ਸਪੀਕਰ ਨੇ ਹਰ ਵਿਧਾਨ ਸਭਾ ਮੀਟਿੰਗ ਤੋਂ ਬਾਅਦ ਸੰਸਦ ਮੈਂਬਰਾਂ ਨੂੰ ਨਜ਼ਰਬੰਦ ਕਰਨ ਲਈ ਇਸਲਾਮਾਬਾਦ ਸਥਿਤ ਸੰਸਦ ਲਾਜ ਨੂੰ ਸਬ-ਜੇਲ ਐਲਾਨਿਆ ਹੈ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਸੰਸਦ ਮੈਂਬਰ ਸ਼ੇਰ ਅਫਜ਼ਲ ਖਾਨ, ਮਲਿਕ ਮੁਹੰਮਦ ਆਮਿਰ ਡੋਗਰ, ਮੁਹੰਮਦ ਅਹਿਮਦ ਚੱਠਾ, ਮਖਦੂਨ ਜ਼ੈਨ ਹੁਸੈਨ ਕੁਰੈਸ਼ੀ, ਵਕਾਸ ਅਕਰਮ, ਜ਼ੁਬੈਰ ਖਾਨ ਵਜ਼ੀਰ, ਅਵੈਸ ਹੈਦਰ ਜਾਖੜ ਨੂੰ ਸੰਗਜਾਨੀ ਵਿਚ ਪਾਰਟੀ ਦੀ ਜਨਤਕ ਮੀਟਿੰਗ ਤੋਂ ਬਾਅਦ ਵੱਖ-ਵੱਖ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਗਿਆ , ਸਈਅਦ ਸ਼ਾਹ ਅਹਦ ਅਲੀ ਸ਼ਾਹ, ਨਸੀਮ ਅਲੀ ਸ਼ਾਹ ਅਤੇ ਯੂਸਫ ਖਾਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੰਸਦ ਮੈਂਬਰਾਂ ਨੂੰ ਸੰਸਦ ਲੌਜ ਵਿਚ ਅਲਾਟ ਕੀਤੇ ਗਏ ਕਮਰਿਆਂ ਵਿਚ ਨਜ਼ਰਬੰਦ ਕੀਤਾ ਗਿਆ ਸੀ। ਬਾਅਦ ’ਚ ਇਨ੍ਹਾਂ ਸੰਸਦ ਮੈਂਬਰਾਂ ਨੂੰ ਸੰਗਾਨੀ ਅਤੇ ਨੂਨ ਥਾਣਿਆਂ ਵਿੱਚ ਵੱਖ-ਵੱਖ ਦੋਸ਼ਾਂ ਤਹਿਤ ਦਰਜ ਕੇਸਾਂ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਸਬ-ਜੇਲ੍ਹਾਂ ਦੇ ਅੰਦਰ ਤੇ ਬਾਹਰ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ ਗਏ ਹਨ ਅਤੇ ਨਾ ਹੀ ਕੋਈ ਵਿਸ਼ੇਸ਼ ਤੈਨਾਤੀ ਕੀਤੀ ਗਈ ਹੈ ਕਿਉਂਕਿ ਉਥੇ ਪੁਲਿਸ ਪਹਿਲਾਂ ਹੀ ਮੌਜੂਦ ਹੈ।