
ਗ਼ਜ਼ਾ ਨੂੰ ਮਨੁੱਖੀ ਸਹਾਇਤਾ ਪਹੁੰਚਾਉਣ ਦੀ ਇਜਾਜ਼ਤ ਦੇਣ ਲਈ ਗੱਲਬਾਤ ਅਜੇ ਵੀ ਜਾਰੀ
ਦੀਰ ਅਲ-ਬਲਾਹ (ਗਜ਼ਾ ਪੱਟੀ): ਮਿਸਰ, ਇਜ਼ਰਾਈਲ ਅਤੇ ਅਮਰੀਕਾ ਗ਼ਜ਼ਾ ’ਚ ਵਿਦੇਸ਼ੀ ਨਾਗਰਿਕਾਂ ਨੂੰ ਰਫਾਹ ਸਰਹੱਦ ਰਾਹੀਂ ਮਿਸਰ ’ਚ ਦਾਖਲ ਹੋਣ ਦੀ ਇਜਾਜ਼ਤ ਦੇਣ ਲਈ ਸਹਿਮਤ ਹੋ ਗਏ ਹਨ। ਮਿਸਰ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਅਧਿਕਾਰੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਇਜ਼ਰਾਈਲ ਉਨ੍ਹਾਂ ਇਲਾਕਿਆਂ ’ਤੇ ਹਮਲਾ ਕਰਨ ਤੋਂ ਪਰਹੇਜ਼ ਲਈ ਸਹਿਮਤ ਹੋ ਗਿਆ ਹੈ, ਜਿੱਥੋਂ ਵਿਦੇਸ਼ੀ ਨਾਗਰਿਕ ਫਲਸਤੀਨੀ ਇਲਾਕਿਆਂ ਤੋਂ ਬਾਹਰ ਨਿਕਲਦੇ ਸਮੇਂ ਲੰਘਣਗੇ।
ਉਨ੍ਹਾਂ ਕਿਹਾ ਕਿ ਕਤਰ ਵੀ ਗੱਲਬਾਤ ’ਚ ਸ਼ਾਮਲ ਸੀ ਅਤੇ ਭਾਗੀਦਾਰਾਂ ਨੂੰ ਫਲਸਤੀਨੀ ਅਤਿਵਾਦੀ ਸਮੂਹਾਂ, ਹਮਾਸ ਅਤੇ ਇਸਲਾਮਿਕ ਜੇਹਾਦ ਤੋਂ ਵੀ ਮਨਜ਼ੂਰੀ ਮਿਲੀ। ਅਧਿਕਾਰੀ ਨੇ ਕਿਹਾ ਕਿ ਰਫਾਹ ਸਰਹੱਦ ਰਾਹੀਂ ਗਜ਼ਾ ਨੂੰ ਮਨੁੱਖੀ ਸਹਾਇਤਾ ਪਹੁੰਚਾਉਣ ਦੀ ਇਜਾਜ਼ਤ ਦੇਣ ਲਈ ਗੱਲਬਾਤ ਅਜੇ ਵੀ ਜਾਰੀ ਹੈ।
ਇਕ ਹੋਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਰਫਾਹ ਸਰਹੱਦ ਦੇ ਮਿਸਰ ਵਾਲੇ ਪਾਸੇ ਤੋਂ ਗਾਜ਼ਾ ਤੋਂ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਸ਼ਨਿਚਰਵਾਰ ਦੁਪਹਿਰ ਨੂੰ ਇਸ ਨੂੰ ਮੁੜ ਖੋਲ੍ਹਣ ਲਈ ‘ਹਿਦਾਇਤਾਂ’ ਪ੍ਰਾਪਤ ਹੋਈਆਂ ਸਨ। ਇਹ ਸਮਝੌਤਾ ਅਜਿਹੇ ਸਮੇਂ ਹੋਇਆ ਹੈ ਜਦੋਂ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਫਲਸਤੀਨੀਆਂ ਨੂੰ ਉੱਤਰੀ ਗਾਜ਼ਾ ਪੱਟੀ ਤੋਂ ਨਿਕਲਣ ਦਾ ਹੁਕਮ ਦਿਤਾ ਹੈ।