
ਕਿਹਾ, ਹਿਜ਼ਬੁੱਲਾ ਜੰਗ ’ਚ ਸ਼ਾਮਲ ਹੋਇਆ ਤਾਂ ਭਾਰੀ ਨੁਕਸਾਨ ਚੁਕਣਾ ਪਵੇਗਾ
ਬੇਰੂਤ: ਇਰਾਨ ਦੇ ਵਿਦੇਸ਼ ਮੰਤਰੀ ਹੋਸੈਨ ਅਮੀਰ ਅਬਦੁੱਲਾਹੀਆਨ ਨੇ ਸਨਿਚਰਵਾਰ ਨੂੰ ਇਜ਼ਰਾਈਲ ਤੋਂ ਗ਼ਜ਼ਾ ’ਤੇ ਅਪਣੇ ਹਮਲੇ ਰੋਕਣ ਲਈ ਕਿਹਾ ਅਤੇ ਚੇਤਾਵਨੀ ਦਿਤੀ ਕਿ ਜੇਕਰ ਹਿਜ਼ਬੁੱਲਾ ਲੜਾਈ ’ਚ ਸ਼ਾਮਲ ਹੋ ਗਿਆ ਤਾਂ ਜੰਗ ਮੱਧ-ਪੂਰਬ ਦੇ ਹੋਰ ਹਿੱਸਿਆਂ ’ਚ ਫੈਲ ਸਕਦੀ ਹੈ ਅਤੇ ਇਸ ਨਾਲ ਇਜ਼ਰਾਈਲ ਨੂੰ ਭਾਰੀ ਨੁਕਸਾਨ ਚੁਕਣਾ ਪਵੇਗਾ।
ਅਬਦੁੱਲਾਹੀਆਨ ਨੇ ਬੇਰੂਤ ’ਚ ਪੱਤਰਕਾਰਾਂ ਨੂੰ ਕਿਹਾ ਕਿ ਲੇਬਨਾਨ ਦਾ ਹਿਜ਼ਬੁੱਲਾ ਸਮੂਹ ਜੰਗ ’ਤੇ ਨਜ਼ਰ ਰੱਖ ਰਿਹਾ ਹੈ ਅਤੇ ਇਜ਼ਰਾਈਲ ਨੂੰ ਛੇਤੀ ਤੋਂ ਛੇਤੀ ਗ਼ਜ਼ਾ ’ਤੇ ਅਪਣੇ ਹਮਲੇ ਬੰਦ ਕਰਨੇ ਚਾਹੀਦੇ ਹਨ। ਇਜ਼ਰਾਈਲ ਹਿਜ਼ਬੁੱਲਾ ਨੂੰ ਸਭ ਤੋਂ ਗੰਭੀਰ ਖ਼ਤਰਾ ਮੰਨਦਾ ਹੈ। ਅੰਦਾਜ਼ਾ ਹੈ ਕਿ ਹਿਜ਼ਬੁੱਲਾ ਕੋਲ ਲਗਭਗ 150,000 ਰਾਕੇਟ ਹਨ ਅਤੇ ਮਿਜ਼ਾਈਲਾਂ ਵੀ ਹਨ, ਜਿਨ੍ਹਾਂ ’ਚ ਸਟੀਕ-ਨਿਰਦੇਸ਼ਿਤ ਮਿਜ਼ਾਈਲਾਂ ਵੀ ਹਨ ਜੋ ਇਜ਼ਰਾਈਲ ’ਚ ਕਿਤੇ ਵੀ ਮਾਰ ਕਰ ਸਕਦੀਆਂ ਹਨ।
ਸਮੂਹ ’ਚ ਸੀਰੀਆ ਦੇ 12 ਸਾਲ ਦੇ ਸੰਘਰਸ਼ ’ਚ ਹਿੱਸਾ ਲੈਣ ਵਾਲੇ ਹਜ਼ਾਰਾਂ ਲੜਾਕਿਆਂ ਨਾਲ ਵੱਖੋ-ਵੱਖ ਕਿਸਮ ਦੇ ਫ਼ੌਜੀ ਡਰੋਨ ਵੀ ਹਨ। ਪਿਛਲੇ ਸਨਿਚਰਵਾਰ ਨੂੰ ਅਤਿਵਾਦੀ ਫਲਸਤੀਨੀ ਸਮੂਹ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨਾਲ ਲੱਗੀ ਲੇਬਨਾਨ ਦੀ ਸਰਹੱਦ ’ਤੇ ਹਿਜ਼ਬੁੱਲਾ ਲੜਾਕੇ ਪੂਰੀ ਤਰ੍ਹਾਂ ਚੌਕਸੀ ’ਤੇ ਹਨ। ਸ਼ੁਕਰਵਾਰ ਨੂੰ ਹਿਜ਼ਬੁੱਲਾ ਨੇ ਕਿਹਾ ਕਿ ਉਸ ਦੇ ਲੜਾਕਿਆਂ ਨੇ ਸਰਹੱਦ ’ਤੇ ਚਾਰ ਇਜ਼ਰਾਈਲੀ ਟਿਕਾਣਿਆਂ ’ਤੇ ਕਈ ਰਾਕੇਟ ਦਾਗੇ। ਅਦਬੁੱਲਾਹੀਆਨ ਨੇ ਕਿਹਾ ਕਿ ਉਨ੍ਹਾਂ ਨੇ ਹਿਜ਼ਬੁੱਲਾ ਆਗੂ ਸਈਅਦ ਹਸਨ ਨਸਰੱਲਾ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਲੇਬਨਾਨ ’ਚ ਸਮੂਹ ਦੀਆਂ ਸਥਿਤੀਆਂ ਬਾਰੇ ਜਾਣਕਾਰੀ ਦਿਤੀ।
ਉਨ੍ਹਾਂ ਕਿਹਾ ਕਿ ਹਿਜ਼ਬੁੱਲਾ ਵਲੋਂ ਵਿਰੋਧ ’ਚ ਚੁਕਿਆ ਗਿਆ ਕੋਈ ਵੀ ਕਦਮ ਇਜ਼ਰਾਈਲ ’ਚ ਜ਼ਬਰਦਸਤ ਤਬਾਹੀ ਮਚਾਏਗਾ। ਅਬਦੁੱਲਾਹੀਆਨ ਨੇ ਕਿਹਾ, ‘‘ਮੈਂ ਜੰਗੀ ਅਪਰਾਧੀਆਂ ਅਤੇ ਇਸ ਇਕਾਈ ਦੀ ਹਮਾਇਤ ਕਰਨ ਵਾਲਿਆਂ ਨੂੰ ਗ਼ਾਜ਼ਾ ’ਚ ਨਾਗਰਿਕਾਂ ਵਿਰੁਧ ਅਪਰਾਧਾਂ ਨੂੰ ਰੋਕਣ ਲਈ ਚੇਤਾਵਨੀ ਦੇਣਾ ਚਾਹੁੰਦਾ ਹਾਂ, ਤਾਕਿ ਦੇਰ ਨਾ ਹੋ ਜਾਵੇ ਕਿਉਂਕਿ ਕੁਝ ਘੰਟਿਆਂ ’ਚ ਬਹੁਤ ਦੇਰ ਹੋ ਸਕਦੀ ਹੈ।’’
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਮੱਧ ਪੂਰਬ ’ਚ ਹੋਰ ਧਿਰਾਂ ਨੂੰ ਸੰਘਰਸ਼ ’ਚ ਸ਼ਾਮਲ ਨਾ ਹੋਣ ਦੀ ਚੇਤਾਵਨੀ ਦਿਤੀ ਹੈ ਅਤੇ ਇਲਾਕੇ ’ਚ ਅਮਰੀਕੀ ਜੰਗੀ ਬੇੜੇ ਭੇਜੇ ਹਨ ਅਤੇ ਇਜ਼ਰਾਈਲ ਲਈ ਪੂਰੀ ਹਮਾਇਤ ਦਾ ਵਾਅਦਾ ਕੀਤਾ ਹੈ। ਈਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਪਛਮੀ ਏਸ਼ੀਆ ’ਚ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨਾਲ ਸੰਪਰਕ ਕਰਨਗੇ ਕਿਉਂਕਿ ‘ਅਜੇ ਵੀ (ਜੰਗ ਨੂੰ ਖ਼ਤਮ ਕਰਨ ਲਈ) ਪਹਿਲ ’ਤੇ ਕੰਮ ਕਰਨ ਦਾ ਮੌਕਾ ਹੈ ਪਰ ਕਲ ਬਹੁਤ ਦੇਰ ਹੋ ਸਕਦੀ ਹੈ।’’