ਝੜਪਾਂ ਵਿਚ ਦੋ ਥਾਈ ਸੈਨਿਕ ਜ਼ਖ਼ਮੀ
ਬੈਂਕਾਕ: ਕੁੱਝ ਮਹੀਨੇ ਪਹਿਲਾਂ ਥਾਈਲੈਂਡ ਤੇ ਕੰਬੋਡੀਆ ਵਿਚਾਲੇ ਹੋਏ ਟਕਰਾਅ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਕਰਵਾਉਣ ਦਾ ਜੋ ਦਾਅਵਾ ਕੀਤਾ ਸੀ, ਉਹ ਗ਼ਲਤ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਇਕ ਵਾਰ ਫਿਰ ਤੋਂ ਜੰਗ ਦਾ ਮਾਹੌਲ ਬਣ ਗਿਆ ਹੈ ਤੇ ਇਸੇ ਦੌਰਾਨ ਥਾਈ ਸਰਕਾਰ ਨੇ ਕਿਹਾ ਕਿ ਐਤਵਾਰ ਨੂੰ ਕੰਬੋਡੀਆ ਨੇ ਇਕ ਮਿਜ਼ਾਈਲ ਹਮਲਾ ਕੀਤਾ ਹੈ, ਜਿਸ ਕਾਰਨ ਇਕ 63 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ।
ਦੋਵਾਂ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿਚਕਾਰ ਸਰਹੱਦ ’ਤੇ ਝੜਪਾਂ ਦੇ ਨਤੀਜੇ ਵਜੋਂ ਪਿਛਲੇ ਹਫ਼ਤੇ ਵਿਚ ਇਹ ਪਹਿਲੀ ਨਾਗਰਿਕ ਮੌਤ ਹੈ। ਦੋਵਾਂ ਦੇਸ਼ਾਂ ਨੇ ਪੁਸ਼ਟੀ ਕੀਤੀ ਕਿ 7 ਦਸੰਬਰ ਨੂੰ ਸ਼ੁਰੂ ਹੋਈ ਲੜਾਈ ਐਤਵਾਰ ਨੂੰ ਵੀ ਜਾਰੀ ਰਹੀ। ਝੜਪਾਂ ਵਿਚ ਦੋ ਥਾਈ ਸੈਨਿਕ ਜ਼ਖ਼ਮੀ ਹੋਏ। ਦੋਵੇਂ ਦੇਸ਼ ਸਰਹੱਦੀ ਖੇਤਰਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਵਿਚ ਉਲਝੇ ਹੋਏ ਹਨ, ਜਿਨ੍ਹਾਂ ਵਿਚੋਂ ਕੱੁਝ ਵਿਚ ਸਦੀਆਂ ਪੁਰਾਣੇ ਮੰਦਰਾਂ ਦੇ ਖੰਡਰ ਹਨ। ਪਿਛਲੇ ਹਫ਼ਤੇ ਦੇ ਟਕਰਾਅ ਵਿਚ ਸਰਹੱਦ ਦੇ ਦੋਵਾਂ ਪਾਸਿਆਂ ’ਤੇ ਅਧਿਕਾਰਤ ਤੌਰ ’ਤੇ ਦੋ ਦਰਜਨ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਰਿਪੋਰਟ ਕੀਤੀ ਗਈ ਹੈ, ਜਦੋਂ ਕਿ 5 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ।
ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਤਣਾਅ ਸਿਖਰ ’ਤੇ ਹੈ ਤੇ ਕੰਬੋਡੀਆ ਨੇ ਟਰੱਕ-ਮਾਊਂਟ ਕੀਤੇ ਬੀ.ਐਮ-21 ਰਾਕੇਟ ਲਾਂਚਰ ਤਾਇਨਾਤ ਕੀਤੇ ਹਨ, ਜਿਨ੍ਹਾਂ ਦੀ ਰੇਂਜ 30-40 ਕਿਲੋਮੀਟਰ ਹੈ। ਹਰੇਕ ਲਾਂਚਰ ਇਕ ਸਮੇਂ ਵਿਚ 40 ਰਾਕੇਟ ਫ਼ਾਇਰ ਕਰ ਸਕਦਾ ਹੈ, ਪਰ ਉਨ੍ਹਾਂ ਕੋਲ ਸਹੀ ਨਿਸ਼ਾਨਾ ਬਣਾਉਣ ਦੀ ਘਾਟ ਹੈ। ਇਹ ਲਾਂਚਰ ਮੁੱਖ ਤੌਰ ’ਤੇ ਉਨ੍ਹਾਂ ਇਲਾਕਿਆਂ ਵਿਚ ਡਿੱਗੇ ਹਨ ਜਿੱਥੋਂ ਜ਼ਿਆਦਾਤਰ ਲੋਕਾਂ ਨੂੰ ਪਹਿਲਾਂ ਹੀ ਕਢਿਆ ਜਾ ਚੁੱਕਾ ਹੈ।
ਥਾਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੰਬੋਡੀਆ ਲਗਭਗ ਰੋਜ਼ਾਨਾ ਹਜ਼ਾਰਾਂ ਰਾਕੇਟ ਦਾਗ਼ ਰਿਹਾ ਹੈ। ਇਸ ਦੌਰਾਨ ਥਾਈਲੈਂਡ ਅਪਣੇ ਲੜਾਕੂ ਜਹਾਜ਼ਾਂ ਨਾਲ ਹਵਾਈ ਹਮਲੇ ਕਰ ਰਿਹਾ ਹੈ। ਕੰਬੋਡੀਆ ਦਾ ਕਹਿਣਾ ਹੈ ਕਿ ਐਤਵਾਰ ਨੂੰ ਥਾਈ ਬੰਬਾਰੀ ਜਾਰੀ ਰਹੀ। ਦੋਵਾਂ ਧਿਰਾਂ ਨੇ ਨਿਗਰਾਨੀ ਅਤੇ ਬੰਬਾਰੀ ਲਈ ਡਰੋਨ ਦੀ ਵਰਤੋਂ ਕੀਤੀ ਹੈ।
ਥਾਈ ਫ਼ੌਜ ਨੇ ਸਵੀਕਾਰ ਕੀਤਾ ਕਿ ਸੰਘਰਸ਼ ਦੌਰਾਨ ਉਸ ਦੇ 15 ਸੈਨਿਕ ਮਾਰੇ ਗਏ ਸਨ ਅਤੇ ਕੰਬੋਡੀਅਨ ਫ਼ੌਜਾਂ ਨੇ ਘੱਟੋ-ਘੱਟ 221 ਜਾਨੀ ਨੁਕਸਾਨ ਦਾ ਅਨੁਮਾਨ ਲਗਾਇਆ ਹੈ। ਕੰਬੋਡੀਆ ਨੇ ਮੌਤਾਂ ਦੀ ਗਿਣਤੀ ਬਾਰੇ ਥਾਈਲੈਂਡ ਦੇ ਬਿਆਨ ਨੂੰ ਗ਼ਲਤ ਦਸਿਆ ਹੈ, ਪਰ ਅਜੇ ਤਕ ਕਿਸੇ ਵੀ ਫ਼ੌਜੀ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ ਹੈ। ਕੰਬੋਡੀਆ ਨੇ ਕਿਹਾ ਹੈ ਕਿ ਘੱਟੋ-ਘੱਟ 11 ਨਾਗਰਿਕ ਮਾਰੇ ਗਏ ਹਨ ਅਤੇ ਕਈ ਹੋਰ ਜ਼ਖ਼ਮੀ ਹੋਏ ਹਨ।
