
ਸੁਰੱਖਿਆ ਮੁਹਿੰਮ ’ਚ ਮਾਰੇ ਗਏ ਫ਼ੌਜ ਦੇ ਚਾਰ ਜਵਾਨ ਅਤੇ 15 ਅਤਿਵਾਦੀ
ਲਾਹੌਰ : ਪਾਕਿਸਤਾਨ ਦੇ ਉੱਤਰ-ਪਛਮੀ ਖੈਬਰ ਪਖਤੂਨਖਵਾ ਸੂਬੇ ’ਚ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਦੋ ਵੱਖ-ਵੱਖ ਮੁਹਿੰਮਾਂ ’ਚ ਘੱਟੋ-ਘੱਟ 15 ਅਤਿਵਾਦੀ ਹਲਾਕ ਹੋ ਗਏ ਅਤੇ ਚਾਰ ਫੌਜੀ ਮਾਰੇ ਗਏ। ਇਨ੍ਹਾਂ ’ਚ ਅਤਿਵਾਦੀਆਂ ਦੇ ਪ੍ਰਮੁੱਖ ਨੇਤਾ ਵੀ ਸ਼ਾਮਲ ਹਨ। ਫੌਜ ਦੇ ਮੀਡੀਆ ਵਿੰਗ ਆਈ.ਐਸ.ਪੀ.ਆਰ. ਨੇ ਇਹ ਜਾਣਕਾਰੀ ਦਿਤੀ।
ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਮੁਤਾਬਕ ਇਹ ਦੋਵੇਂ ਕਾਰਵਾਈਆਂ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀਆਂ ਗਈਆਂ ਸਨ। ਦੋਵੇਂ ਕਾਰਵਾਈਆਂ ਡੇਰਾ ਇਸਮਾਈਲ ਖਾਨ ਅਤੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹਿਆਂ ’ਚ ਕੀਤੀਆਂ ਗਈਆਂ ਸਨ। ਡੇਰਾ ਇਸਮਾਈਲ ਖਾਨ ’ਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਝੜਪ ਹੋ ਗਈ। ਇਸ ਹਮਲੇ ’ਚ 9 ਅਤਿਵਾਦੀ ਮਾਰੇ ਗਏ ਸਨ, ਜਿਨ੍ਹਾਂ ’ਚ ਮੁੱਖ ਨਿਸ਼ਾਨਾ ਅਤਿਵਾਦੀ ਫਰਮਾਨ ਉਰਫ ਸ਼ਾਕਿਬ, ਅਮਾਨੁੱਲਾ ਉਰਫ ਤੋਰੀ, ਸਈਦ ਉਰਫ ਲਿਆਕਤ ਅਤੇ ਬਿਲਾਲ ਸ਼ਾਮਲ ਹਨ। ਇਹ ਅਤਿਵਾਦੀ ਇਲਾਕੇ ਵਿਚ ਕਈ ਅਤਿਵਾਦੀ ਗਤੀਵਿਧੀਆਂ ਵਿਚ ਸ਼ਾਮਲ ਸਨ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਲੋੜੀਂਦੇ ਸਨ।
ਦੂਜੇ ਆਪਰੇਸ਼ਨ ’ਚ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਮੀਰਾਨਸ਼ਾਹ ਇਲਾਕੇ ’ਚ ਸੁਰੱਖਿਆ ਬਲਾਂ ਨੇ 6 ਅਤਿਵਾਦੀਆਂ ਨੂੰ ਢੇਰ ਕਰ ਦਿਤਾ। ਹਾਲਾਂਕਿ ਇਸ ਮੁਕਾਬਲੇ ’ਚ ਪਾਕਿਸਤਾਨੀ ਫੌਜ ਦੇ ਲੈਫਟੀਨੈਂਟ ਮੁਹੰਮਦ ਹਸਨ ਅਸ਼ਰਫ ਅਤੇ ਉਸ ਦੇ ਤਿੰਨ ਸਾਥੀ ਜਵਾਨ ਨਾਇਬ ਸੂਬੇਦਾਰ ਮੁਹੰਮਦ ਬਿਲਾਲ, ਸਿਪਾਹੀ ਫਰਹਤ ਉੱਲਾ ਅਤੇ ਸਿਪਾਹੀ ਹਿੰਮਤ ਖਾਨ ਸ਼ਹੀਦ ਹੋ ਗਏ। ਆਈ.ਐਸ.ਪੀ.ਆਰ. ਅਨੁਸਾਰ, ਖੇਤਰ ’ਚ ਅਤਿਵਾਦੀਆਂ ਦੇ ਖਾਤਮੇ ਲਈ ਮੁਹਿੰਮ ਜਾਰੀ ਹੈ।
ਪਾਕਿਸਤਾਨੀ ਫੌਜ ਨੇ ਕਿਹਾ ਕਿ ਪਿਛਲੇ ਸਾਲ 59,775 ਮੁਹਿੰਮਾਂ ’ਚ 925 ਅਤਿਵਾਦੀ ਅਤੇ 383 ਫੌਜੀ ਮਾਰੇ ਗਏ ਸਨ। ਸਾਲ 2021 ’ਚ ਅਫਗਾਨਿਸਤਾਨ ’ਚ ਤਾਲਿਬਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਪਾਕਿਸਤਾਨ ’ਚ ਅਤਿਵਾਦੀ ਗਤੀਵਿਧੀਆਂ ’ਚ ਵਾਧਾ ਹੋਇਆ ਹੈ।
ਪਾਕਿਸਤਾਨ ਦਾ ਦੋਸ਼ ਹੈ ਕਿ ਅਫਗਾਨ ਤਾਲਿਬਾਨ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦਾ ਸਮਰਥਨ ਕੀਤਾ ਹੈ, ਜਿਸ ਕਾਰਨ ਅਤਿਵਾਦੀ ਹਮਲਿਆਂ ਵਿਚ ਵਾਧਾ ਹੋਇਆ ਹੈ। 2024 ਨੂੰ ਹੁਣ ਤਕ ਦਾ ਸੱਭ ਤੋਂ ਖਤਰਨਾਕ ਸਾਲ ਮੰਨਿਆ ਜਾਂਦਾ ਹੈ, ਜਿਸ ’ਚ 685 ਫ਼ੌਜੀਆਂ ਨੇ ਅਪਣੀਆਂ ਜਾਨਾਂ ਗੁਆ ਦਿਤੀਆਂ।