
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਕਿ ਉਹਨਾਂ ਵਲੋਂ ਯੂਕਰੇਨ ਨੂੰ ਰੂਸ ਦੇ ਖਿਲਾਫ਼ ਹਥਿਆਰ ਦਿੱਤੇ ਜਾਣਗੇ।
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਕਿ ਉਹਨਾਂ ਵਲੋਂ ਯੂਕਰੇਨ ਨੂੰ ਰੂਸ ਦੇ ਖਿਲਾਫ਼ ਹਥਿਆਰ ਦਿੱਤੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਯੂਕਰੇਨ ਨੂੰ ਮਨੁੱਖੀ ਸਹਾਇਤਾ ਭੇਜੀ ਜਾਵੇਗੀ ਅਤੇ ਸ਼ਰਨਾਰਥੀਆਂ ਨੂੰ ਅਮਰੀਕਾ ਵਿਚ ਸ਼ਰਨ ਦਿੱਤੀ ਜਾਵੇਗੀ।
ਜੋਅ ਬਾਇਡਨ ਨੇ ਟਵੀਟ ਜ਼ਰੀਏ ਕਿਹਾ, "ਅਸੀਂ ਇਹ ਯਕੀਨੀ ਬਣਾਵਾਂਗੇ ਕਿ ਯੂਕਰੇਨ ਕੋਲ ਆਪਣੇ ਬਚਾਅ ਲਈ ਹਥਿਆਰ ਹਨ। ਅਸੀਂ ਯੂਕਰੇਨੀ ਲੋਕਾਂ ਦੀ ਜਾਨ ਬਚਾਉਣ ਲਈ ਪੈਸੇ, ਭੋਜਨ ਅਤੇ ਸਹਾਇਤਾ ਭੇਜਾਂਗੇ। ਅਸੀਂ ਯੂਕਰੇਨ ਦੇ ਸ਼ਰਨਾਰਥੀਆਂ ਦਾ ਵੀ ਖੁੱਲ੍ਹੇ ਦਿਲ ਨਾਲ ਸਵਾਗਤ ਕਰਾਂਗੇ।"
ਦੱਸ ਦੇਈਏ ਕਿ ਯੂਐਸ ਕਾਂਗਰਸ ਨੇ ਪਹਿਲਾਂ ਹੀ ਯੁੱਧ ਪ੍ਰਭਾਵਿਤ ਯੂਕਰੇਨ ਅਤੇ ਇਸ ਦੇ ਯੂਰਪੀਅਨ ਸਹਿਯੋਗੀਆਂ ਲਈ 13.6 ਅਰਬ ਡਾਲਰ ਫੌਜੀ ਅਤੇ ਮਨੁੱਖੀ ਐਮਰਜੈਂਸੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੂਕਰੇਨ 'ਤੇ ਰੂਸ ਦੇ ਹਮਲੇ 'ਚ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 20 ਲੱਖ ਤੋਂ ਵੱਧ ਲੋਕਾਂ ਨੂੰ ਦੇਸ਼ ਛੱਡ ਕੇ ਦੂਜੇ ਦੇਸ਼ਾਂ 'ਚ ਰਹਿਣਾ ਪਿਆ ਹੈ। ਸੈਨੇਟ ਦੇ ਬਹੁਮਤ ਦੇ ਨੇਤਾ ਚੱਕ ਸ਼ੂਮਰ ਨੇ ਕਿਹਾ ਕਿ ਅਸੀਂ ਯੂਕਰੇਨ ਦੇ ਲੋਕਾਂ ਨਾਲ ਵਾਅਦਾ ਕਰਦੇ ਹਾਂ ਕਿ ਉਹਨਾਂ ਨੂੰ ਪੁਤਿਨ ਖਿਲਾਫ਼ ਲੜਾਈ 'ਚ ਇਕੱਲਾ ਨਹੀਂ ਛੱਡਿਆ ਜਾਵੇਗਾ।
ਉਧਰ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਸ਼ਾਂਤੀ ਵਾਰਤਾ ਸੋਮਵਾਰ ਨੂੰ ਵੀ ਅਧੂਰੀ ਰਹੀ। ਦੋਵੇਂ ਧਿਰਾਂ ਲੜਾਈ ਨੂੰ ਖਤਮ ਕਰਨ ਲਈ ਸਮਝੌਤੇ 'ਤੇ ਪਹੁੰਚਣ ਵਿਚ ਅਸਫਲ ਰਹੀਆਂ। ਯੂਕਰੇਨੀ ਵਫ਼ਦ ਦੇ ਮੈਂਬਰ ਮਿਖਾਈਲੋ ਪੋਡੋਲਿਕ ਨੇ ਕਿਹਾ ਕਿ ਮੀਟਿੰਗ ਨੂੰ "ਤਕਨੀਕੀ ਵਿਰਾਮ" ਦਿੱਤਾ ਗਿਆ ਅਤੇ ਇਹ ਮੰਗਲਵਾਰ ਨੂੰ ਜਾਰੀ ਰਹੇਗੀ।