
ਅਣਪਛਾਤਿਆਂ ਨੇ ਉਨ੍ਹਾਂ ਦੀ ਦੁਕਾਨ 'ਤੇ ਤਾਬੜਤੋੜ ਗੋਲੀਬਾਰੀ ਕੀਤੀ, ਜਿਸ ਵਿੱਚ ਦੋਵਾਂ ਦੇ ਕਈ ਗੋਲੀਆਂ ਲੱਗੀਆਂ ਅਤੇ ਮੌਕੇ 'ਤੇ ਹੀ ਮੌਤ ਹੋ ਗਈ
ਇਸਲਾਮਾਬਾਦ - ਪਾਕਿਸਤਾਨ ਦੇ ਪੇਸ਼ਾਵਰ 'ਚ ਦੋ ਸਿੱਖਾਂ ਦਾ ਕਤਲ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਅਣਪਛਾਤਿਆਂ ਨੇ ਦੋ ਸਿੱਖਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਘਟਨਾ ਨਾਲ ਸਿੱਖਾਂ ਵਿਚ ਰੋਸ ਪੈਦਾ ਕਰ ਦਿੱਤਾ ਹੈ। ਕਤਲ ਕੀਤੇ ਗਏ ਦੋਵੇਂ ਸਿੱਖਾਂ ਦੀ ਪਛਾਣ ਕੰਵਲਜੀਤ ਸਿੰਘ ਅਤੇ ਰਣਜੀਤ ਸਿੰਘ ਵਜੋਂ ਹੋਈ ਹੈ, ਜੋ ਕਿ ਪੇਸ਼ਾਵਰ ਦੇ ਰਹਿਣ ਵਾਲੇ ਸਨ। ਉਹ ਇਥੇ ਕਈ ਸਾਲਾਂ ਤੋਂ ਮਸਾਲਿਆਂ ਦੀ ਦੁਕਾਨ ਚਲਾ ਰਹੇ ਸਨ।
ਅਣਪਛਾਤਿਆਂ ਨੇ ਉਨ੍ਹਾਂ ਦੀ ਦੁਕਾਨ 'ਤੇ ਤਾਬੜਤੋੜ ਗੋਲੀਬਾਰੀ ਕੀਤੀ, ਜਿਸ ਵਿੱਚ ਦੋਵਾਂ ਦੇ ਕਈ ਗੋਲੀਆਂ ਲੱਗੀਆਂ ਅਤੇ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੇਸ਼ਾਵਰ ਦੇ ਬਾਹਰਵਾਰ ਸਰਬੰਦ ਇਲਾਕੇ ਵਿਚ ਅਣਪਛਾਤੇ ਬੰਦੂਕਾਰੀਆਂ ਨੇ 2 ਸਿੱਖਾਂ ਦਾ ਕਤਲ ਕੀਤਾ ਹੈ। ਹਮਲਾਵਰ ਇੱਕ ਵਾਹਨ 'ਤੇ ਆਏ ਸਨ ਅਤੇ ਦੁਕਾਨ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਤੇ ਘਟਨਾ ਵਿਚ 2 ਸਿੱਖ ਮਾਰੇ ਗਏ। ਘਟਨਾ ਮਗਰੋਂ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੋਵਾਂ ਸਿੱਖਾਂ ਦੀਆਂ ਲਾਸ਼ਾਂ ਨੂੰ ਵੀ ਨੇੜੇ ਦੇ ਹਸਪਤਾਲ ਪਹੁੰਚਾਇਆ।