
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨਾਲ ਇਤਿਹਾਸਕ ਮੀਟਿੰਗ 'ਚ ਹਿੱਸਾ....
ਵਾਸ਼ਿੰਗਟਨ, : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨਾਲ ਇਤਿਹਾਸਕ ਮੀਟਿੰਗ 'ਚ ਹਿੱਸਾ ਲੈਣ ਤੋਂ ਬਾਅਦ ਬੁਧਵਾਰ ਨੂੰ ਵਾਸ਼ਿੰਗਟਨ ਪੁੱਜੇ। ਐਂਡ੍ਰਿਊ ਏਅਰਬੇਸ 'ਤੇ ਉਤਰਦਿਆਂ ਹੀ ਟਰੰਪ ਨੇ ਮੀਟਿੰਗ ਦੀ ਸਫ਼ਲਤਾ ਗਿਣਾਉਂਦਿਆਂ ਦੋ ਟਵੀਟ ਕੀਤੇ। ਪਹਿਲੇ ਟਵੀਟ 'ਚ ਟਰੰਪ ਨੇ ਲਿਖਿਆ ਕਿ ਹੁਣ ਉੱਤਰ ਕੋਰੀਆ ਵਲੋਂ ਪ੍ਰਮਾਣੂ ਹਮਲੇ ਦਾ ਕੋਈ ਖ਼ਤਰਾ ਨਹੀਂ ਹੈ। ਉਥੇ ਹੀ ਦੂਜੇ ਟਵੀਟ 'ਚ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਸ ਉੱਤਰ ਕੋਰੀਆ ਨੂੰ ਸੱਭ ਤੋਂ ਵੱਡੀ ਅਤੇ ਖ਼ਤਰਨਾਕ ਪ੍ਰੇਸ਼ਾਨੀ ਮੰਨਿਆ ਜਾਂਦਾ ਸੀ, ਉਹ ਹੁਣ ਖ਼ਤਮ ਹੋ ਚੁਕੀ ਹੈ।
ਹੁਣ ਸਾਰੇ ਆਰਾਮ ਨਾਲ ਸੌਂ ਸਕਦੇ ਹਨ। ਟਰੰਪ ਨੇ ਟਵੀਟ ਵਿਚ ਲਿਖਿਆ, ''ਇਕ ਲੰਮੀ ਯਾਤਰਾ ਤੋਂ ਬਾਅਦ ਮੈਂ ਅਮਰੀਕਾ ਪਰਤ ਆਇਆ ਹਾਂ, ਜਿਸ ਦਿਨ ਮੈਂ ਕਾਰਜ ਭਾਰ ਸੰਭਾਲਿਆ ਸੀ, ਉਸ ਦੀ ਤੁਲਨਾ ਵਿਚ ਅੱਜ ਸਾਰੇ ਲੋਕ ਸੁਰੱਖਿਅਤ ਮਹਿਸੂਸ ਕਰ ਰਹੇ ਹੋਣਗੇ। ਹੁਣ ਅਮਰੀਕੀ ਵਾਸੀਆਂ ਨੂੰ ਪ੍ਰਮਾਣੂ ਖ਼ਤਰੇ ਦਾ ਡਰ ਨਹੀਂ ਅਤੇ ਹੁਣ ਉਹ ਚੈਨ ਦੀ ਨੀਂਦ ਸੌਂ ਸਕਦੇ ਹਨ।''
ਟਰੰਪ ਨੇ ਅੱਗੇ ਲਿਖਿਆ, ''ਕਿਮ ਜੋਂਗ ਉਨ ਨਾਲ ਮੁਲਾਕਾਤ ਦਿਲਚਸਪ ਅਤੇ ਸਕਾਰਾਤਮਕ ਰਹੀ। ਰਾਸ਼ਟਰਪਤੀ ਅਹੁਦਾ ਸੰਭਾਲਣ ਤੋਂ ਪਹਿਲਾਂ ਲੋਕਾਂ ਨੂੰ ਲੱਗ ਰਿਹਾ ਸੀ ਕਿ ਮੈਂ ਉੱਤਰੀ ਕੋਰੀਆ ਨਾਲ ਯੁੱਧ ਛੇੜਾਂਗਾ। ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਨੇ ਕਿਹਾ ਸੀ ਕਿ ਉੱਤਰੀ ਕੋਰੀਆ ਸਾਡੇ ਲਈ ਖ਼ਤਰਾ ਹੈ। ਹੁਣ ਅਜਿਹਾ ਨਹੀਂ ਹੈ, ਤੁਸੀਂ ਲੋਕ ਚੈਨ ਨਾਲ ਸੌਂ ਸਕਦੇ ਹੋ।''
ਦੱਸਣਯੋਗ ਹੈ ਕਿ ਬੀਤੀ 12 ਜੂਨ ਨੂੰ ਸਿੰਗਾਪੁਰ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਵਿਚਾਲੇ ਇਤਿਹਾਸਕ ਮੁਲਾਕਾਤ ਹੋਈ। ਦੋਹਾਂ ਦੇਸ਼ਾਂ ਵਿਚਾਲੇ ਹੋਈ ਇਹ ਬੈਠਕ ਕਾਫੀ ਸਕਾਰਾਤਮਕ ਰਹੀ। ਦੋਹਾਂ ਹੀ ਨੇਤਾਵਾਂ ਨੇ ਅਮਰੀਕਾ ਅਤੇ ਉੱਤਰੀ ਕੋਰੀਆ ਦੀ 65 ਸਾਲ ਦੀ ਦੁਸ਼ਮਣੀ ਨੂੰ ਇਕ ਮੁਲਾਕਾਤ ਵਿਚ ਖ਼ਤਮ ਕਰ ਦਿਤਾ। (ਪੀਟੀਆਈ)