
ਆਈ.ਐਨ.ਐਸ. ਵਿਕਰਾਂਤ ’ਤੇ ਕੀਤੇ ਜਾਣਗੇ ਤੈਨਾਤ 26 ਰਾਫ਼ੇਲ ਲੜਾਕੂ ਜਹਾਜ਼
ਨਵੀਂ ਦਿੱਲੀ: ਭਾਰਤ ਸਰਕਾਰ ਨੇ ਸਮੁੰਦਰੀ ਫ਼ੌਜ ਨੂੰ ਉੱਨਤ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਨਾਲ ਲੈਸ ਕਰਨ ਲਈ ਰਾਫ਼ੇਲ ਜਹਾਜ਼ਾਂ ਦੇ ਸਮੁੰਦਰੀ ਫ਼ੌਜੀ ਸੰਸਕਰਣ ਦੀ ਚੋਣ ਕੀਤੀ ਹੈ। ਰਾਫ਼ੇਲ ਦੀ ਨਿਰਮਾਤਾ ਕੰਪਨੀ ਅਤੇ ਫ਼ਰਾਂਸ ’ਚ ਜਹਾਜ਼ ਨਿਰਮਾਣ ਖੇਤਰ ਦੀ ਮੋਢੀ ‘ਫਸਾਲਟ ਏਵੀਏਸ਼ਨਜ਼’ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਰਖਿਆ ਮੰਤਰਾਲੇ ਨੇ ਵੀਰਵਾਰ ਨੂੰ ਫ਼ਰਾਂਸ ਤੋਂ 26 ਰਾਫ਼ੇਲ (ਸੁਮੰਦਰੀ ਫ਼ੌਜੀ) ਜਹਾਜ਼ਾਂ ਦੀ ਖ਼ਰੀਦ ਨੂੰ ਮਨਜ਼ੂਰੀ ਦਿਤੀ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ੁਕਰਵਾਰ ਨੂੰ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਗੱਲਬਾਤ ਤੋਂ ਬਾਅਦ ਜਾਰੀ ਇਕ ਦਸਤਾਵੇਜ਼ ’ਚ ਰਾਫ਼ੇਲ ਜਹਾਜ਼ਾਂ ਦੀ ਖ਼ਰੀਦ ਦਾ ਕੋਈ ਜ਼ਿਕਰ ਨਹੀਂ ਹੈ।
ਦਸਾਲਟ ਏਵੀਏਸ਼ਨਜ਼ ਨੇ ਇਕ ਬਿਆਨ ’ਚ ਕਿਹਾ, ‘‘ਭਾਰਤ ਸਰਕਾਰ ਨੇ ਭਾਰਤੀ ਸਮੁੰਦਰੀ ਫ਼ੌਜ ਨੂੰ ਨਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਨਾਲ ਲੈਸ ਕਰਨ ਲਈ ਨੇਵੀ ਰਾਫ਼ੇਲ ਦੀ ਚੋਣ ਦਾ ਐਲਾਨ ਕੀਤਾ ਹੈ।’’
ਕੰਪਨੀ ਨੇ ਕਿਹਾ, ‘‘ਭਾਰਤ ’ਚ ਸਫ਼ਲ ਪਰਖ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ, ਜਿਸ ਦੌਰਾਨ ਨੇਵੀ ਰਾਫ਼ੇਲ ਨੇ ਦਰਸਾਇਆ ਕਿ ਉਹ ਭਾਰਤੀ ਸਮੁੰਦਰੀ ਫ਼ੌਜੀ ਦੀ ਸੰਚਾਲਨਾਤਮਕ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਅਤੇ ਜਹਾਜ਼ ਲੈ ਕੇ ਜਾਣ ਵਾਲੇ ਸੁਮੰਦਰੀ ਬੇੜੇ ਦੀਆਂ ਵਿਸ਼ੇਸ਼ਤਾਵਾਂ ਦੇ ਬਿਲਕੁਲ ਅਨੁਕੂਲ ਹੈ।’’
ਦਸਾਲਟ ਨੇ ਕਿਹਾ ਕਿ ਭਾਰਤੀ ਸਮੁੰਦਰੀ ਫ਼ੌਜ ’ਚ 26 ਰਾਫ਼ੇਲ ਪਹਿਲਾਂ ਤੋਂ ਹੀ ਸੇਵਾ ’ਚ ਮੌਜੂਦ 36 ਰਾਫ਼ੇਲ ਦੇ ਬੇੜੇ ’ਚ ਸ਼ਾਮਲ ਹੋ ਜਾਣਗੇ। ਇਸ ਸੰਸਕਰਣ ਦੇ ਸ਼ਾਮਲ ਹੋਣ ਦੇ ਨਾਲ ਹੀ ਭਾਰਤ ਹਵਾ ਅਤੇ ਸਮੁੰਦਰ ’ਚ ਅਪਣੀ ਸਰਦਾਰੀ ਵਧਾਉਣ ਅਤੇ ਅਪਣੀ ਸੰਪ੍ਰਭੂਤਾ ਯਕੀਨੀ ਕਰਨ ’ਚ ਮਦਦ ਲਈ ਜਹਾਜ਼ ਦੇ ਦੋਹਾਂ ਸੰਸਕਰਨਾਂ ਦਾ ਸੰਚਾਲਨ ਕਰ ਕੇ ਫ਼ਰਾਂਸ ਵਰਗੇ ਫ਼ੌਜੀ ਬਦਲ ਨੂੰ ਅਪਨਾਉਣ ਵਾਲਾ ਪਹਿਲਾ ਦੇਸ਼ ਬਣ ਜਾਵੇਗਾ।
ਭਾਰਤ ਦੇਸ਼ ਅੰਦਰ ਹੀ ਬਣੇ ਜੰਗੀ ਬੇੜੇ ਆਈ.ਐਨ.ਐਸ. ਵਿਕਰਾਂਤ ’ਤੇ ਤੈਨਾਤੀ ਲਈ ਰਾਫ਼ੇਲ ਜਹਾਜ਼ ਖ਼ਰੀਦ ਰਿਹਾ ਹੈ।