
ਪ੍ਰਧਾਨ ਮੰਤਰੀ ਮੋਦੀ ਨੇ ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਨਾਲ ਵਿਆਪਕ ਗੱਲਬਾਤ ਕੀਤੀ
ਦੋਹਾਂ ਦੇਸ਼ਾਂ ਨੇ ਵਿਆਪਕ ਆਰਥਕ ਸਾਂਝੇਦਾਰੀ ਸਮਝੌਤੇ ’ਤੇ ਹਸਤਾਖ਼ਰ ਕੀਤੇ
ਆਬੂ ਧਾਬੀ, 15 ਜੁਲਾਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਹੰਇਆਨ ਨਾਲ ਦੋਹਾਂ ਦੇਸਾਂ ਦੇ ਬਹੁਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਿਆਪਕ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਦੋਵੇਂ ਦੇਸ਼ ਅਪਣੀਆਂ ਮੁਦਰਾਵਾਂ ’ਚ ਵਪਾਰ ਸ਼ੁਰੂ ਕਰਨ ’ਤੇ ਸਹਿਮਤ ਹੋਏ ਹਨ।
ਯੂ.ਏ.ਈ. ਦੇ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਮੋਦੀ ਨੇ ਕਿਹਾ ਕਿ ਪਿਛਲੇ ਸਾਲ ਵਿਆਪਕ ਆਰਥਕ ਸਾਂਝੇਦਾਰੀ ਸਮਝੌਤੇ (ਸੀ.ਈ.ਪੀ.ਏ.) ’ਤੇ ਹਸਤਾਖ਼ਰ ਤੋਂ ਮਗਰੋਂ ਭਾਰਤ-ਯੂ.ਏ.ਈ. ਵਪਾਰ ’ਚ 20 ਫ਼ੀ ਸਦੀ ਦਾ ਵਾਧਾ ਵੇਖਣ ਨੂੰ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੀਆਂ ਕਰੰਸੀਆਂ ’ਚ ਵਪਾਰ ਲਈ ਸਨਿਚਰਵਾਰ ਨੂੰ ਹਸਤਾਖਤ ਕੀਤਾ ਸਮਝੌਤਾ ਦੋਹਾਂ ਦੇਸ਼ਾਂ ਵਿਚਕਾਰ ਮਜ਼ਬੂਤ ਆਰਥਕ ਸਹਿਯੋਗ ਅਤੇ ਆਪਸੀ ਵਿਸ਼ਵਾਸ ਨੂੰ ਦਰਸਾਉਂਦਾ ਹੈ। ਦੋਹਾਂ ਦੇਸ਼ਾਂ ਦੀਆਂ ਕਰੰਸੀਆਂ ’ਚ ਵਪਾਰ ’ਤੇ ਯੂ.ਏ.ਈ. ਨਾਲ ਸਮਝੌਤੇ ਨਾਲ ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਹੱਲਾਸ਼ੇਰੀ ਮਿਲੇਗੀ।
ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਹੰਇਆਨ ਤੋਂ ਹਮੇਸ਼ਾ ਭਰਾਵਾਂ ਵਰਗਾ ਪਿਆਰ ਮਿਲਿਆ ਹੈ। ਉਨ੍ਹਾਂ ਯੂ.ਏ.ਈ. ਦੇ ਰਾਸ਼ਟਰਪਤੀ ਨੂੰ ਕਿਹਾ, ‘‘ਜਿਸ ਤਰ੍ਹਾਂ ਸਾਡੇ ਦੇਸ਼ਾਂ ਵਿਚਕਾਰ ਸਬੰਧਾਂ ਦਾ ਵਿਸਤਾਰ ਹੋਇਆ ਹੈ, ਉਸ ’ਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ। ਭਾਰਤ ਦਾ ਹਰ ਵਿਅਕਤੀ ਤੁਹਾਨੂੰ ਇਕ ਸੱਚੇ ਦੋਸਤ ਦੇ ਰੂਪ ’ਚ ਵੇਖਦਾ ਹੈ।’’
ਮੋਦੀ ਨੇ ਇਹ ਵੀ ਕਿਹਾ ਕਿ ਯੂ.ਏ.ਈ. ’ਚ ਹੋਣ ਵਾਲੇ ਸੀ.ਓ.ਪੀ.-28 ਦੀ ਤਿਆਰੀ ਯੂ.ਏ.ਈ. ਦੇ ਰਾਸ਼ਟਰਪਤੀ ਦੀ ਅਗਵਾਈ ’ਚ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਾਲ ਹੋਣ ਵਾਲੇ ਸੰਮੇਲ ’ਚ ਹਿੱਸਾ ਲੈਣ ਦਾ ਮਨ ਬਣਾ ਲਿਆ ਹੈ।
ਮੋਦੀ ਦਾ ਇਹ ਰਾਸ਼ਟਰਪਤੀ ਭਵਨ ‘ਕਸਰ ਅਲ ਵਤ’ ’ਚ ਰਵਾਇਤੀ ਸਵਾਗਤ ਕੀਤਾ ਗਿਆ ਜਿੱਥੇ ਯੂ.ਏ.ਈ. ਦੇ ਰਾਸ਼ਟਰਪਤੀ ਨੇ ਉਨ੍ਹਾਂ ਦੀ ਅਗਵਾਨੀ ਕੀਤੀ। ਪ੍ਰਧਾਨ ਮੰਤਰੀ ਨੇ ਸਲਾਮੀ ਗਾਰਦ ਦਾ ਨਿਰੀਖਣ ਵੀ ਕੀਤਾ। ਇਸ ਦੌਰਾਨ ਬੱਚੇ ਅਪਣੇ ਹੱਥਾਂ ’ਚ ਤਿਰੰਗ ਫੜ ਕੇ ਆਏ ਹੋਏ ਸਨ।
ਭਾਰਤ ਅਤੇ ਯੂ.ਏ.ਈ. ਵਪਾਰ, ਨਿਵੇਸ਼, ਊਰਜਾ, ਭੋਜਨ ਸੁਰਖਿਆ, ਵਿਗਿਆਨ ਅਤੇ ਤਕਨਾਲੋਜੀ, ਸਿਖਿਆ, ਫਿਨਟੇਕ, ਰਖਿਆ, ਸੁਰਖਿਆ ਅਤੇ ਲੋਕਾਂ ਵਿਚਕਾਰ ਸੰਪਰਕ ਵਰਗੇ ਖੇਤਰਾਂ ’ਚ ਸਬੰਧਾਂ ਨੂੰ ਮਜ਼ਬੂਤ ਬਣਾ ਰਹੇ ਹਨ।