
ਪਾਕਿਸਤਾਨ ਦੇ ਯੋਜਨਾ ਕਮਿਸ਼ਨ ਦੀ ਇਕ ਰੀਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ਦੀ ਸਿੱਖਿਆ ਪ੍ਰਣਾਲੀ ਚੰਗੀ ਨਹੀਂ ਹੈ
ISLAMABAD News : ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਨੇ ਪਾਕਿਸਤਾਨ ਨੂੰ ਸਲਾਹ ਦਿਤੀ ਹੈ ਕਿ ਉਹ ਅਪਣੀ ਮਾੜੀ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਕਰਨ ਅਤੇ ਅਪਣੇ ਨਾਗਰਿਕਾਂ ਨੂੰ ਮਿਆਰੀ ਸਿਖਲਾਈ ਪ੍ਰਦਾਨ ਕਰਨ ਲਈ ਭਾਰਤ ਦੀ ਯੋਜਨਾ ‘ਉਲਾਸ’ ਨੂੰ ਅਪਣਾਏ।
ਭਾਰਤ ਸਰਕਾਰ ਨੇ ਪਿਛਲੇ ਸਾਲ ਜੁਲਾਈ ’ਚ ਅਨਪੜ੍ਹ ਅਤੇ ਰਸਮੀ ਸਕੂਲੀ ਸਿੱਖਿਆ ਤੋਂ ਵਾਂਝੇ ਬਾਲਗਾਂ ਦੀ ਸਹਾਇਤਾ ਲਈ ਤਾਉਮਰ ਸਿੱਖਿਆ ਦੀ ਸਮਝ (ਯੂ.ਐਲ.ਏ.ਐਸ.) ਦੀ ਸ਼ੁਰੂਆਤ ਕੀਤੀ ਸੀ।
ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਦੀ ਖਬਰ ਮੁਤਾਬਕ ਮਨੀਲਾ ਸਥਿਤ ਏ.ਡੀ.ਬੀ. ਨੇ ਇਹ ਟਿਪਣੀ ਪਾਕਿਸਤਾਨ ਵਲੋਂ ਅਪਣੀ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਕਰਨ ਅਤੇ ਸਕੂਲ ਨਾ ਜਾਣ ਵਾਲੇ ਸਾਰੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਵਿੱਤੀ ਸਹਾਇਤਾ ਦੀ ਬੇਨਤੀ ਦੇ ਜਵਾਬ ਵਿਚ ਕੀਤੀ।
ਏ.ਡੀ.ਬੀ. ਨੇ ਸਿਫਾਰਸ਼ ਕੀਤੀ ਹੈ ਕਿ ਸਰਕਾਰ ਰਣਨੀਤਕ ਅਤੇ ਬਹੁ-ਹਿੱਸੇਦਾਰ ਪਹੁੰਚ ਅਪਣਾਏ ਅਤੇ ‘ਉਲਾਸ’ ਵਰਗੀਆਂ ਭਾਰਤ ਸਰਕਾਰ ਦੀਆਂ ਨਵੀਆਂ ਕੇਂਦਰੀ ਸਪਾਂਸਰ ਸਕੀਮਾਂ ਨੂੰ ਲਾਗੂ ਕਰੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜ ਸਾਲਾਂ ਦੀ ਮਿਆਦ ਲਈ ਇਕ ਨਵੀਂ ਕੇਂਦਰੀ ਫ਼ੰਡ ਪ੍ਰਾਪਤ ਯੋਜਨਾ ‘ਯੂ.ਐਲ.ਏ.ਐਸ.’ ਨੂੰ ਪ੍ਰਵਾਨਗੀ ਦਿਤੀ ਸੀ ਜਿਸ ’ਚ ‘ਸਾਰਿਆਂ ਲਈ ਸਿੱਖਿਆ’ ਦੇ ਸਾਰੇ ਪਹਿਲੂਆਂ ਨੂੰ ਕਵਰ ਕੀਤਾ ਗਿਆ ਸੀ।
ਭਾਰਤੀ ਯੂ.ਐਲ.ਏ.ਐਸ. ਯੋਜਨਾ ਦਾ ਉਦੇਸ਼ ਨਾ ਸਿਰਫ ਬੁਨਿਆਦੀ ਸਾਖਰਤਾ ਪ੍ਰਦਾਨ ਕਰਨਾ ਹੈ ਬਲਕਿ 21 ਵੀਂ ਸਦੀ ਲਈ ਲੋੜੀਂਦੇ ਮਹੱਤਵਪੂਰਨ ਜੀਵਨ ਹੁਨਰ ਵੀ ਸ਼ਾਮਲ ਕਰਨਾ ਹੈ। ਇਨ੍ਹਾਂ ਹੁਨਰਾਂ ’ਚ ਵਿੱਤੀ ਸਾਖਰਤਾ, ਡਿਜੀਟਲ ਸਾਖਰਤਾ, ਕਿੱਤਾਮੁਖੀ ਹੁਨਰ, ਸਿਹਤ ਸੰਭਾਲ ਜਾਗਰੂਕਤਾ, ਬਾਲ ਸੰਭਾਲ ਅਤੇ ਸਿੱਖਿਆ ਅਤੇ ਪਰਵਾਰ ਭਲਾਈ ਸ਼ਾਮਲ ਹਨ।
ਪਾਕਿਸਤਾਨ ਦੇ ਯੋਜਨਾ ਕਮਿਸ਼ਨ ਦੀ ਇਕ ਰੀਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ਦੀ ਸਿੱਖਿਆ ਪ੍ਰਣਾਲੀ ਚੰਗੀ ਨਹੀਂ ਹੈ। ਇਸਲਾਮਾਬਾਦ ਨੂੰ ਛੱਡ ਕੇ ਸਾਰੇ 134 ਜ਼ਿਲ੍ਹੇ ਸਿੱਖਣ ਦੇ ਨਤੀਜਿਆਂ ਤੋਂ ਲੈ ਕੇ ਜਨਤਕ ਫੰਡਿੰਗ ਤਕ ਦੇ ਸੂਚਕਾਂ ’ਚ ਪਿੱਛੇ ਹਨ।